27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੀ.ਏ.ਯੂ. ਤੇ ਕੇ.ਵੀ.ਕੇ. ਨੇ ਪਿੰਡਾਂ ਦੇ 50 ਏਕੜ ਰਕਬੇ 'ਚ ਕਰਵਾਈ ਮੂੰਗਫਲੀ ਦੀ ਬਿਜਾਈ <br/>

ਅਜੀਤ ਡੈਸਕ 28-02-2026
ਕਪੂਰਥਲਾ, 27 ਫਰਵਰੀ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਕਪੂਰਥਲਾ ਵਲੋਂ ਜ਼ਿਲ੍ਹੇ ਦੇ ਲਗਭਗ 50 ਏਕੜ ਰਕਬੇ ਵਿਚ ਕਾਸ਼ਤ ਕੀਤੀ ਗਈ ਬਹਾਰ ਰੁੱਤ ਦੀ ਮੰੂਗਫਲੀ ਦੀ ਫ਼ਸਲ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਕਿਸਾਨਾਂ ਦਾ ਸਫ਼ਲਤਾ ਪੂਰਵਕ ਉਪਰਾਲਾ ਹੈ | ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਐਮ.ਐਸ. ਭੁੱਲਰ ਦੀ ਦੇਖ ਰੇਖ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਆਧੁਨਿਕ ਤੇ ਤੇਜ਼ ਪਸਾਰ ਵਾਲੀ ਨੀਤੀ ਅਪਣਾਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ 1980 ਦੇ ਦਹਾਕੇ ਵਿਚ ਕਪੂਰਥਲਾ ਜ਼ਿਲ੍ਹੇ ਦਾ ਵੱਡੀ ਗਿਣਤੀ ਵਿਚ ਰਕਬਾ ਸਾਉਣੀ ਦੀ ਮੂੰਗਫਲੀ ਲਈ ਪ੍ਰਸਿੱਧ ਸੀ ਪਰ ਬਾਅਦ ਵਿਚ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ, ਝੋਨਾ, ਆਲੂ ਤੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਵਿਚ ਕਿਸਾਨਾਂ ਨੇ ਉਤਸ਼ਾਹ ਦਿਖਾਇਆ ਜਿਸ ਨਾਲ ਧਰਤੀ ਹੇਠਲਾ ਪਾਣੀ ਨਿਰੰਤਰ ਘਟਿਆ | ਉਨ੍ਹਾਂ ਕਿਹਾ ਕਿ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਰੇਤਲੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿਚ ਮੱਕੀ ਦਾ ਢੁਕਵਾਂ ਬਦਲ ਬਣ ਰਹੀ ਹੈ ਤੇ ਇਸ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਬਹਾਰ ਰੁੱਤ ਵਾਲੀ ਮੂੰਗਫਲੀ ਘੱਟ ਪਾਣੀ ਤੇ ਘੱਟ ਖ਼ਰਚੇ ਵਾਲੀ ਫ਼ਸਲ ਹੈ, ਜਿਸ ਨੂੰ ਕੇਵਲ ਚਾਰ ਵਾਰ ਸਿੰਚਾਈ ਕਰਨ ਦੀ ਲੋੜ ਪੈਂਦੀ ਹੈ | ਫਲੀਦਾਰ ਫ਼ਸਲ ਹੋਣ ਕਾਰਨ ਇਹ ਮਿੱਟੀ ਦੀ ਬਣਤਰ ਤੇ ਉਪਜਾਓ ਸ਼ਕਤੀ ਨੂੰ ਵੀ ਬਿਹਤਰ ਬਣਾਉਂਦੀ ਹੈ ਤੇ ਵਿਸ਼ੇਸ਼ ਕਰਕੇ ਖ਼ਰਬੂਜ਼ੇ ਦੀ ਫ਼ਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਨੂੰ ਦਬਾਉਣ ਤੇ ਅਨੂਕੁਲ ਸੂਖਮ ਵਾਤਾਵਰਣ ਪੈਦਾ ਕਰਦੀ ਹੈ | ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀ ਗਈ ਜੇ-87 ਕਿਸਮ ਦੀ ਮੂੰਗਫਲੀ ਦੀਆਂ ਪ੍ਰਦਰਸ਼ਨੀਆਂ 10 ਕਿਸਾਨਾਂ ਦੇ ਖੇਤਾਂ ਵਿਚ ਲਾਈਆਂ ਗਈਆਂ ਸੀ ਜਿਸ ਦੇ ਬਹੁਤ ਹੀ ਸਾਰਥਿਕ ਨਤੀਜੇ ਸਾਹਮਣੇ ਆਏ | ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫ਼ਸਲ ਵਿਗਿਆਨੀ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੀ ਮੂੰਗਫਲੀ ਦੀਆਂ ਪ੍ਰਦਰਸ਼ਨੀਆਂ ਤੋਂ ਉਤਸ਼ਾਹਿਤ ਹੋ ਕੇ ਪਿੰਡ ਕਮਾਲਪੁਰ ਮੋਠਾਂਵਾਲਾ ਦੇ ਅਗਾਂਹਵਧੂ ਕਿਸਾਨ ਮਾਸਟਰ ਜਰਨੈਲ ਸਿੰਘ ਵਲੋਂ ਇਸ ਵਾਰ 26 ਏਕੜ ਰਕਬੇ ਵਿਚ ਜੇ-87 ਕਿਸਮ ਦੀ ਮੂੰਗਫਲੀ ਦੀ ਬਿਜਾਈ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਕਿਸਮ 100 ਤੋਂ 115 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਤੇ ਪ੍ਰਤੀ ਏਕੜ 1 ਲੱਖ ਰੁਪਏ ਤੋਂ ਵੱਧ ਦੀ ਕਿਸਾਨਾਂ ਨੂੰ ਆਮਦਨ ਹੋਣ ਦੇ ਆਸਾਰ ਹਨ | ਉਨ੍ਹਾਂ ਕਿਹਾ ਕਿ ਨਿੱਜੀ ਖ਼ਰੀਦਦਾਰ ਵਲੋਂ ਮੂੰਗਫਲੀ ਦੀ ਯਕੀਨੀ ਖਰੀਦ ਕਾਰਨ ਇਸ ਦੇ ਰਕਬੇ ਵਿਚ ਵਾਧਾ ਹੋਇਆ ਹੈ | ਕੇਂਦਰ ਦੇ ਭੂਮੀ ਵਿਗਿਆਨੀ ਗਗਨਦੀਪ ਧਵਨ ਨੇ ਦੱਸਿਆ ਕਿ ਮੂੰਗਫਲੀ ਦੀ ਫ਼ਸਲ ਰਾਹੀਂ 25-60 ਕਿੱਲੋਗਰਾਮ ਨਾਈਟ੍ਰੋਜਨ ਪ੍ਰਤੀ ਹੈੱਕਟੇਅਰ ਪੈਦਾ ਹੁੰਦੀ ਹੈ | ਇਸ ਦੇ ਨਾਲ 55-130 ਕਿੱਲੋਗਰਾਮ ਯੂਰੀਆ ਦੀ ਬਚਤ ਸੰਭਵ ਹੈ ਤੇ ਬਹਾਰ ਰੁੱਤ ਦੀ ਮੂੰਗਫਲੀ ਮਿੱਟੀ ਦੀ ਜੈਵਿਕ ਗਤੀਵਿਧੀ ਤੇ ਲੰਮੇ ਸਮੇਂ ਲਈ ਉਪਜਾਓ ਸ਼ਕਤੀ ਵਿਚ ਸੁਧਾਰ ਲਿਆਉਂਦੀ ਹੈ | ਵਰਨਣਯੋਗ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਯਤਨਾਂ ਸਦਕਾ ਇਸ ਵਾਰ ਕਿਸਾਨਾਂ ਨੇ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਮੋਠਾਂਵਾਲਾ ਤੋਂ ਇਲਾਵਾ ਭਾਣੋਲੰਗਾ, ਅਹਿਮਦਪੁਰ ਛੰਨਾ, ਨਸੀਰੇਵਾਲ ਤੇ ਹੋਰ ਪਿੰਡਾਂ ਵਿਚ ਬਹਾਰ ਰੁੱਤ ਦੀ ਮੂੰਗਫਲੀ ਦੀ ਬਿਜਾਈ ਕੀਤੀ ਗਈ ਹੈ, ਜੋ ਪੰਜਾਬ 'ਚ ਟਿਕਾਊ ਤੇ ਵਿਭਿੰਨ ਖੇਤੀ ਪ੍ਰਣਾਲੀ ਵੱਲ ਇਕ ਮਜ਼ਬੂਤ ਕਦਮ ਸਾਬਿਤ ਹੋਵੇਗੀ | ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕੀਤੇ ਗਏ ਜਾਗਰੂਕ ਪ੍ਰੋਗਰਾਮ, ਮੂੰਗਫਲੀ ਦੀਆਂ ਪ੍ਰਦਰਸ਼ਨੀਆਂ ਤੇ ਖੇਤੀ ਆਧਾਰਿਤ ਖੋਜਾਂ ਰਾਹੀਂ ਬਹਾਰ ਰੁੱਤ ਦੀ ਮੂੰਗਫਲੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਹੈ |
ਪਿਛਲੀ ਖ਼ਬਰ ਜਾਅਲੀ ਕਾਗਜ਼ ਲਗਾ ਕੇ ਜ਼ਮਾਨਤ ਕਰਵਾਉਣ ਦੇ ਮਾਮਲੇ ਸੰਬੰਧੀ ਚਾਰ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਦੇਹ ਵਪਾਰ ਦੇ ਮਾਮਲੇ 'ਚ 4 ਲੜਕੀਆਂ ਗਿ੍ਫਤਾਰ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।