ਸੁਲਤਾਨਪੁਰ ਲੋਧੀ, 27 ਫਰਵਰੀ (ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਾ ਦੇ ਦਰਸ਼ਨਾਂ ਲਈ ਅੱਜ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਜਲੰਧਰ ਦੇ ਵਿਦਿਆਰਥੀ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਪਹੁੰਚੇ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪਵਿੱਤਰ ਵੇਈਾ ਦੇ ਕਿਨਾਰੇ ਸਥਿਤ ਸਿੱਖ ਅਜਾਇਬ ਘਰ ਵਿਚ ਵੇਈਾ ਦੀ ਕਾਰਸੇਵਾ 'ਤੇ ਤਿਆਰ ਕੀਤੀ ਗਈ ਦਸਤਾਵੇਜ਼ੀ ਫ਼ਿਲਮ ਦੇਖੀ | ਫ਼ਿਲਮ ਰਾਹੀਂ ਦਰਸਾਏ ਗਏ ਸੰਘਰਸ਼, ਸੇਵਾ ਤੇ ਸਮਰਪਣ ਦੇ ਦਿ੍ਸ਼ ਦੇਖ ਕੇ ਵਿਦਿਆਰਥੀ ਹੈਰਾਨ ਰਹਿ ਗਏ | 50 ਦੇ ਕਰੀਬ ਵਿਦਿਆਰਥੀ ਜੋ ਬੀ.ਸੀ.ਏ., ਬੀ.ਕਾਮ ਤੇ ਬੀ.ਬੀ.ਏ. ਦੇ ਕੋਰਸਾਂ ਨਾਲ ਸੰਬੰਧਿਤ ਸਨ, ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਪਵਿੱਤਰ ਵੇਈਾ ਦੀ ਕਾਰਸੇਵਾ ਤੋਂ ਡੂੰਘੀ ਪੇ੍ਰਰਨਾ ਪ੍ਰਾਪਤ ਕੀਤੀ | ਬੱਚਿਆਂ ਨੇ ਸਾਂਝੇ ਤੌਰ 'ਤੇ ਸੰਕਲਪ ਲਿਆ ਕਿ ਉਹ ਆਪਣੇ ਜੀਵਨ ਵਿਚ ਵਾਤਾਵਰਣ ਦੀ ਸੰਭਾਲ ਨੂੰ ਅਪਣਾਉਂਦੇ ਹੋਏ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣਗੇ ਤੇ ਖ਼ੁਦ ਵੀ ਯੋਗਦਾਨ ਪਾਉਣਗੇ | ਸਕੂਲ ਸਟਾਫ਼ ਮੈਂਬਰਾਂ ਸ਼ਾਲਿਨੀ ਮਹਾਜਨ, ਰਾਜਵਿੰਦਰ ਕੌਰ ਤੇ ਮਮਤਾ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਪਵਿੱਤਰ ਅਸਥਾਨ 'ਤੇ ਆਏ ਹਨ ਤੇ ਇੱਥੇ ਆ ਕੇ ਉਨ੍ਹਾਂ ਨੂੰ ਇਕ ਅਦਭੁਤ ਤੇ ਆਤਮਿਕ ਅਨੁਭਵ ਪ੍ਰਾਪਤ ਹੋਇਆ | ਦੌਰੇ ਦੌਰਾਨ ਵਿਦਿਆਰਥੀਆਂ ਨੂੰ ਮਿਊਜ਼ੀਅਮ ਵਿਚ ਸੁਲਤਾਨਪੁਰ ਲੋਧੀ ਦੇ ਇਤਿਹਾਸ ਅਤੇ ਪਵਿੱਤਰ ਵੇਈਾ ਦੀ ਮੁੜ ਸੁਰਜੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਾਹਿਤ ਸਭਾ, ਸੁਲਤਾਨਪੁਰ ਲੋਧੀ ਵੱਲੋਂ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਾਜਵਿੰਦਰ ਕੌਰ, ਪਿਆਰਾ ਸਿੰਘ ਤੇ ਕਰਨ ਕੁਮਾਰ ਵੀ ਹਾਜ਼ਰ ਰਹੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਤੇ ਵਾਤਾਵਰਣ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ |