ਸੁਲਤਾਨਪੁਰ ਲੋਧੀ, 28 ਫਰਵਰੀ (ਨਰੇਸ਼ ਹੈਪੀ)- ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਕੌਂਸਲਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਹੀ ਪੁੱਟੀਆਂ ਹੋਈਆਂ ਸੜਕਾਂ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਤੇ ਸਮੁੱਚੀ ਨਗਰ ਕੌਂਸਲ ਪ੍ਰਬੰਧਕ ਕਮੇਟੀ ਸ਼ਹਿਰ ਦੇ ਲੋਕਾਂ ਦੀ ਭਲਾਈ ਹਿਤ ਕੰਮ ਕਰ ਰਹੀ ਹੈ | ਪੰਜ ਵਾਰ ਕੌਂਸਲਰ ਰਹੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਨੇ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਬਹੁਤੀਆਂ ਥਾਵਾਂ 'ਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਨਵੇਂ ਪਾਈਪ ਪਾਏ ਜਾ ਚੁੱਕੇ ਹਨ ਤੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਹੀ ਸੁਲਤਾਨਪੁਰ ਲੋਧੀ ਅੰਦਰ ਸੜਕਾਂ ਤੇ ਹੋਰ ਸਾਰੇ ਕਾਰਜਾਂ ਦਾ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਵੀਆਂ ਸੜਕਾਂ ਬਣਨ ਤੋਂ ਬਾਅਦ ਸ਼ਹਿਰ ਤੇ ਇਲਾਕੇ ਦੇ ਲੋਕਾਂ ਦੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ | ਸ਼ਹਿਰ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਮੁੱਖ ਸੜਕਾਂ ਤੇ ਪਾਈਪ ਲਾਈਨ ਪਾਈ ਗਈ ਹੈ ਤੇ ਜਿੱਥੇ ਕੁਝ ਇਕ ਬਾਜ਼ਾਰਾਂ ਤੇ ਗਲੀਆਂ 'ਚ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ, ਉਹ ਬਹੁਤ ਜਲਦੀ ਹੀ ਮੁਕੰਮਲ ਹੋਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਸੀਵਰੇਜ, ਵਾਟਰ ਸਪਲਾਈ ਦੇ ਪਾਈਪ ਪਾਉਣ ਦਾ ਕੰਮ ਕਾਫ਼ੀ ਲੰਬਾ ਚੱਲਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ ਪਰ ਹੁਣ ਸਾਰੇ ਕਾਰਜ ਮੁਕੰਮਲ ਹੋਣ ਉਪਰੰਤ ਲੋਕ ਕਦੇ ਪ੍ਰੇਸ਼ਾਨ ਨਹੀਂ ਹੋਣਗੇ |
ਪਾਵਨ ਨਗਰੀ ਦੀਆਂ ਸੜਕਾਂ ਬਣਾਉਣ ਦਾ ਕੰਮ ਮਾਰਚ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ : ਤੇਜਵੰਤ ਸਿੰਘ
ਅਜੀਤ ਡੈਸਕ
01-03-2026