ਸੁਭਾਨਪੁਰ, 28 ਫਰਵਰੀ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਸ ਨੂੰ ਪਿੰਡ ਹਮੀਰਾ ਦੇ ਪੁਲ ਦੇ ਨਜ਼ਦੀਕ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਡਿਊਟੀ ਅਫ਼ਸਰ ਏ.ਐਸ.ਆਈ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਲਾਸ਼ ਹਮੀਰਾ ਦੇ ਪੁਲ ਦੇ ਨਜ਼ਦੀਕ ਪਈ ਹੈ | ਜਦੋਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਮਿ੍ਤਕ ਨੌਜਵਾਨ ਜਿਸ ਦੀ ਉਮਰ ਕਰੀਬ (25) ਸਾਲ ਸਿਰ ਤੋਂ ਮੋਨਾ ਹੈ ਜਿਸ ਨੇ ਮਹਿਰੂਨ ਰੰਗ ਦੀ ਸ਼ਰਟ ਤੇ ਕਾਲੀ ਜੀਨ ਦੀ ਪੈਂਟ ਪਹਿਨੀ ਹੋਈ ਸੀ | ਉਨ੍ਹਾਂ ਨੇ ਨਜ਼ਦੀਕੀ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੋਂ ਲਾਸ਼ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਨਾਖ਼ਤ ਨਹੀਂ ਹੋ ਸਕੀ | ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰਖਵਾ ਦਿੱਤਾ ਹੈ |