ਸ਼ੋਅ ਦਾ ਮੁੱਖ ਮੰਤਵ ਫੁੱਲਾਂ ਦੀ ਵਿਭਿੰਨਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ- ਡਾ. ਰਜੇਸ਼ ਗਰੋਵਰ
ਕਪੂਰਥਲਾ, 28 ਫਰਵਰੀ (ਅਮਰਜੀਤ ਕੋਮਲ)- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਸਹਿਯੋਗ ਨਾਲ ਸਾਇੰਸ ਸਿਟੀ 'ਚ ਫਲਾਵਰ ਸ਼ੋਅ ਕਰਵਾਇਆ ਗਿਆ ਜਿਸ ਵਿਚ ਸਕੂਲਾਂ, ਕਾਲਜਾਂ ਦੇ ਈਕੋ ਕਲੱਬ ਨਾਲ ਸਬੰਧਿਤ ਮੈਂਬਰਾਂ, ਬਾਗ਼ਬਾਨਾਂ ਸਮੇਤ 500 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ | ਸ਼ੋਅ ਵਿਚ ਈਕੋ ਕਲੱਬਾਂ, ਬਾਗਬਾਨਾਂ ਵਲੋਂ ਗੇਂਦਾ, ਗੜਹਲ, ਕਮਲ, ਗੁਲਾਬ, ਬੋਗਨਵਿਲੀਆ, ਕੈਕਟਸ ਤੇ ਹੋਰ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸੇ ਦੌਰਾਨ ਤਾਜ਼ੇ ਤੇ ਸੁੱਕੇ ਫੁੱਲਾਂ ਨੂੰ ਸਜਾਉਣ, ਰੰਗੋਲੀ ਤੇ ਗਮਲੇ 'ਚ ਲਾਏ ਫੁੱਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ | ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਵੱਖ-ਵੱਖ ਪ੍ਰਦਰਸ਼ਨੀਆਂ ਨੂੰ ਬਹੁਤ ਹੀ ਰੀਝ ਨਾਲ ਦੇਖਿਆ | ਵੱਖ-ਵੱਖ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਦੇ ਮੁਕਾਬਲੇ ਵਿਚ ਜੱਜਮੈਂਟ ਦੇ ਫ਼ਰਜ਼ ਜਲੰਧਰ ਕੈਂਟ ਤੋਂ ਵਿਨੋਦ ਕੁਮਾਰ ਨੇ ਅਦਾ ਕੀਤੇ | ਨਰਸਿੰਗ ਕਾਲਜ ਵਰਿਆਣਾ ਜਲੰਧਰ ਦੀਆਂ ਵਿਦਿਆਰਥਣਾਂ ਨੇ ਫਲਾਵਰ ਸ਼ੋਅ ਦਾ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸੁੱਕੇ ਫੁੱਲਾਂ ਨੂੰ ਸਜਾਉਣ ਦੀ ਆਮ ਲੋਕਾਂ ਦੀ ਕੈਟਾਗਰੀ 'ਚ ਕਪੂਰਥਲਾ ਦੇ ਬਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਦੀ ਕੈਟਾਗਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾਂ ਦੀ ਭਾਵਨਾ ਗਿੱਲ ਪਹਿਲੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਤਾਜ਼ੇ ਫੁੱਲਾਂ ਨੂੰ ਸਜਾਉਣ ਦੀ ਆਮ ਕੈਟਾਗਰੀ ਵਿਚ ਕਮਲਾ ਨਹਿਰੂ ਕਾਲਜ ਫਗਵਾੜਾ ਪਹਿਲੇ ਸਥਾਨ 'ਤੇ ਰਿਹਾ | ਸਕੂਲਾਂ ਦੇ ਵਿਦਿਆਰਥੀਆਂ ਦੀ ਕੈਟਾਗਰੀ ਵਿਚ ਸਰਕਾਰੀ ਹਾਈ ਸਕੂਲ ਹਮੀਰਾ ਦੀ ਵਿਦਿਆਰਥਣ ਸੁਖਪ੍ਰੀਤ ਅੱਵਲ ਰਹੀ | ਇਸੇ ਤਰ੍ਹਾਂ ਰੰਗੋਲੀ ਸਜਾਉਣ ਦੇ ਮੁਕਾਬਲੇ ਵਿਚ ਆਰਮੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਦੀ ਝੰਡੀ ਰਹੀ | ਵਿਦਿਆਰਥੀਆਂ ਦੇ ਰੰਗੋਲੀ ਸਜਾਉਣ ਦੇ ਮੁਕਾਬਲੇ ਵਿਚ ਭੰਡਾਲ ਦੋਨਾ ਪ੍ਰਾਇਮਰੀ ਸਕੂਲ ਦੀ ਟੀਮ ਦੂਜੇ ਸਥਾਨ 'ਤੇ ਰਹੀ ਜਦਕਿ ਇਸੇ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਫਲਾਵਰ ਅਰੇਂਜਮੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ | ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਤੋਂ ਬਾਅਦ ਡਾ. ਰਜੇਸ਼ ਗਰੋਵਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਲਾਵਰ ਸ਼ੋਅ ਇਕ ਅਜਿਹਾ ਸ਼ੋਅ ਹੈ ਜਿਸਦਾ ਮੁੱਖ ਮੰਤਵ ਜਿੱਥੇ ਕੁਦਰਤ ਦੀ ਕਾਇਨਾਤ ਵਿਚ ਫੁੱਲਾਂ ਦੇ ਬੂਟਿਆਂ ਦੀ ਵਿਭਿੰਨਤਾ ਪ੍ਰਤੀ ਆਮ ਲੋਕਾਂ ਦੇ ਬਾਗਬਾਨਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਆਪਣੇ ਰੈਣ ਬਸੇਰਿਆਂ ਤੇ ਹੋਰ ਥਾਵਾਂ 'ਤੇ ਵੱਧ ਤੋਂ ਵੱਧ ਫੁੱਲਦਾਰ ਬੂਟੇ ਲਗਾ ਕੇ ਆਪਣੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰੇਰਿਤ ਕਰਨਾ ਹੈ | ਡਾ. ਗਰੋਵਰ ਨੇ ਕਿਹਾ ਕਿ ਭਾਰਤ ਵਿਚ 18 ਹਜ਼ਾਰ ਦੇ ਕਰੀਬ ਫੁੱਲਾਂ ਦੀਆਂ ਪ੍ਰਜਾਤੀਆਂ ਹਨ ਜੋ ਕਿ ਦੁਨੀਆਂ ਦੇ ਫੁੱਲਾਂ ਦੀਆਂ ਪ੍ਰਜਾਤੀਆਂ ਦਾ 6 ਤੋਂ ਲੈ ਕੇ 7 ਫ਼ੀਸਦੀ ਹਿੱਸਾ ਹੈ | ਸਾਇੰਸ ਸਿਟੀ ਦੇ ਡਾਇਰੈਕਟਰ ਨੇ ਕਿਹਾ ਕਿ ਫਲਾਵਰ ਸ਼ੋਅ ਸਿਰਫ਼ ਫੁੱਲਾਂ ਦੀ ਪ੍ਰਦਰਸ਼ਨੀ ਹੀ ਨਹੀਂ ਸਗੋਂ ਅਜਿਹਾ ਪਲੇਟਫਾਰਮ ਜਿੱਥੇ ਲੋਕਾਂ ਨੂੰ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਦਾ ਮੌਕਾ ਮਿਲਿਆ ਹੈ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਦੀ ਅਧਿਆਪਕਾ ਮੁਨੱਜਾ ਇਰਸ਼ਾਦ ਨੇ ਮੰਚ ਸੰਚਾਲਨ ਦੇ ਫ਼ਰਜ ਬਾਖ਼ੂਬੀ ਨਾਲ ਅਦਾ ਕੀਤੇ | ਫਲਾਵਰ ਸ਼ੋਅ ਮੌਕੇ ਸਾਇੰਸ ਸਿਟੀ ਦੇ ਪ੍ਰਸ਼ਾਸਕੀ ਅਫ਼ਸਰ ਅਮਨ ਸ਼ਰਮਾ, ਵਿਗਿਆਨੀ ਡਾ. ਮਨੀਸ਼ ਸੋਇਨ, ਜਨਰਲ ਮੈਨੇਜਰ ਮਾਰਕੀਟਿੰਗ ਅਸ਼ਨੀ ਕੁਮਾਰ, ਉੱਘੇ ਲੇਖਕ ਸ਼ਹਿਬਾਜ ਖ਼ਾਨ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਅਧਿਆਪਕ ਵੱਡੀ ਗਿਣਤੀ 'ਚ ਹਾਜ਼ਰ ਸਨ |
ਸਾਇੰਸ ਸਿਟੀ 'ਚ ਕਰਵਾਏ 'ਫਲਾਵਰ ਸ਼ੋਅ' 'ਚ ਦੇਸੀ ਫੁੱਲਾਂ ਦੀਆਂ ਪ੍ਰਦਰਸ਼ਨੀ ਨੇ ਮਹਿਕ ਖਿਲਾਰੀ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਕਰਵਾਏ ਗਏ ਫਲਾਵਰ ਸ਼ੋਅ ਵਿਚ ਉੱਘੇ ਬਾਗਬਾਨ ਨਵਦੀਪ ਸਿੰਘ ਜਲੰਧਰ ਵਲੋਂ ਲਗਾਈ ਗਈ ਕੈਕਟਸ ਦੀ ਪ੍ਰਦਰਸ਼ਨੀ ਦੇਖਦੇ ਹੋਏ ਸਾਇੰਸ ਸਿਟੀ ਡਾਇਰੈਕਟਰ ਡਾ. ਰਜੇਸ਼ ਗਰੋਵਰ | (ਸ਼ੱਜੇ) ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਦੀ ਫਲਾਵਰ ਅਰੇਂਜਮੈਂਟ ਵਿਚ ਤੀਜੇ ਸਥਾਨ 'ਤੇ ਰਹੇ ਵਿਦਿਆਰਥੀ ਇੰਚਾਰਜ ਅਧਿਆਪਕਾ ਮੁਨੱਜਾ ਇਰਸ਼ਾਦ ਨਾਲ | ਤਸਵੀਰ: ਤਿਲਕਰਾਜ<br/>
01-03-2026