ਨਡਾਲਾ, 28 ਫਰਵਰੀ (ਰਘਬਿੰਦਰ ਸਿੰਘ)- ਇਲਾਕੇ ਵਿਚ ਭਾਰੀ ਟਿੱਪਰਾਂ ਦੀ ਬੇਰੋਕ ਆਵਾਜਾਈ ਕਾਰਨ ਪੈਦਾ ਹੋ ਰਹੀਆਂ ਟਰੈਫ਼ਿਕ ਸਮੱਸਿਆਵਾਂ ਤੇ ਹਾਦਸਿਆਂ ਦੇ ਖ਼ਤਰੇ ਨੂੰ ਲੈ ਕੇ ਪ੍ਰਕਾਸ਼ਿਤ ਖ਼ਬਰ ਦਾ ਤੁਰੰਤ ਅਸਰ ਵੇਖਣ ਨੂੰ ਮਿਲਿਆ ਹੈ | ਅਦਾਰਾ 'ਅਜੀਤ' ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਭਾਰਨ ਉਪਰੰਤ ਪ੍ਰਸ਼ਾਸਨ ਨੇ ਸਬ ਡਿਵੀਜ਼ਨ ਭੁਲੱਥ ਅੰਦਰ ਦਿਨ ਵੇਲੇ ਟਿੱਪਰਾਂ ਦੀ ਆਮਦ 'ਤੇ ਪਾਬੰਦੀ ਲਗਾ ਦਿੱਤੀ ਹੈ | ਪ੍ਰਸ਼ਾਸਕੀ ਸਰੋਤਾਂ ਮੁਤਾਬਿਕ ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ | ਹਾਲ ਹੀ ਵਿਚ ਭਾਰੀ ਵਾਹਨਾਂ ਦੀ ਵਧਦੀ ਆਮਦ ਕਾਰਨ ਸ਼ਹਿਰ ਤੇ ਲਗਦੇ ਰਸਤਿਆਂ 'ਤੇ ਜਾਮ ਅਤੇ ਹਾਦਸਿਆਂ ਦੇ ਖ਼ਤਰੇ 'ਚ ਵਾਧਾ ਦਰਜ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਉਪ ਮੰਡਲ ਮੈਜਿਸਟਰੇਟ ਸਬ-ਡਵੀਜ਼ਨ ਭੁਲੱਥ ਰੁਪਿੰਦਰਪਾਲ ਸਿੰਘ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ ਡਵੀਜ਼ਨ ਵਿਚ ਰੇਤ/ਬਜਰੀ ਦੇ ਟਰਾਲੇ/ਟਰੱਕ ਵਗੈਰਾ ਦੀ ਆਵਾਜਾਈ 'ਤੇ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ 9:00 ਵਜੇ ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਅਨਾਜ/ਚਾਵਲਾਂ ਦੇ ਟਰੱਕਾਂ, ਭੱਠਾ ਮਾਲਕਾਂ ਦੇ ਟਿੱਪਰਾਂ ਤੇ ਦਾਣਾ ਮੰਡੀ ਦਮੂਲੀਆਂ ਅਤੇ ਫੋਕਲ ਪੁਆਇੰਟ ਇਬਰਾਹੀਮਵਾਲ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਣਗੇ | ਇਹ ਹੁਕਮ 12 ਅਪ੍ਰੈਲ ਦਿਨ ਐਤਵਾਰ 2026 ਦਿਨ ਤੱਕ ਲਾਗੂ ਰਹਿਣਗੇ | ਨਵੇਂ ਹੁਕਮਾਂ ਅਨੁਸਾਰ ਨਿਰਧਾਰਿਤ ਸਮੇਂ ਦੌਰਾਨ ਟਿੱਪਰਾਂ ਦੀ ਐਂਟਰੀ 'ਤੇ ਰੋਕ ਰਹੇਗੀ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਲਾਕਾ ਵਾਸੀਆਂ ਤੇ ਵਪਾਰੀਆਂ ਨੇ ਪ੍ਰਸ਼ਾਸਨ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਟਰੈਫ਼ਿਕ ਦਬਾਅ ਘਟੇਗਾ ਤੇ ਆਮ ਜਨਤਾ ਨੂੰ ਰਾਹਤ ਮਿਲੇਗੀ | ਉਨ੍ਹਾਂ ਨੇ ਉਮੀਦ ਜਤਾਈ ਕਿ ਪਾਬੰਦੀ ਦੇ ਨਾਲ-ਨਾਲ ਨਿਗਰਾਨੀ ਪ੍ਰਬੰਧ ਵੀ ਮਜ਼ਬੂਤ ਕੀਤਾ ਜਾਵੇਗਾ | ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਲੋਕ ਹਿਤ ਵਿਚ ਲਿਆ ਗਿਆ ਹੈ ਤੇ ਸਥਿਤੀ ਅਨੁਸਾਰ ਅਗਲੇ ਫ਼ੈਸਲੇ ਕੀਤੇ ਜਾਣਗੇ |