ਭੰਡਾਲ ਬੇਟ, 28 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)- ਨੇੜਲੇ ਪਿੰਡ ਸੁਰਖਪੁਰ ਤੋਂ ਪਿੰਡ ਕਿਸ਼ਨ ਸਿੰਘ ਵਾਲਾ ਤੱਕ ਜਾਂਦੀ ਲਿੰਕ ਸੜਕ ਦੀ ਬੇਹੱਦ ਤਰਸਯੋਗ ਹਾਲਤ ਬਣੀ ਹੋਈ ਹੈ | ਇਸ ਸੰਬੰਧੀ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਇਹ ਸੜਕ ਸੁਰਖਪੁਰ ਤੋਂ ਕਿਸ਼ਨ ਸਿੰਘ ਵਾਲਾ ਤੱਕ ਆਮ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ ਪਰ ਇਸ ਦੀ ਰਿਪੇਅਰ ਨਾ ਹੋਣ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ | ਹਨੇਰੇ ਸਵੇਰੇ ਲੰਘਣ ਵਾਲੇ ਰਾਹਗੀਰ ਸੜਕ ਵਿਚ ਪਏ ਟੋਇਆਂ ਕਾਰਨ ਜਿੱਥੇ ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਚੁੱਕੇ ਹਨ ਉੱਥੇ ਹੀ ਕਈ ਵਾਰ ਸੱਟਾਂ ਲਗਵਾ ਕੇ ਹਸਪਤਾਲ਼ ਵੀ ਜਾ ਚੁੱਕੇ ਹਨ ਪਰ ਸਬੰਧਿਤ ਮਹਿਕਮੇ ਤੇ ਸਰਕਾਰ ਵਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਸੜਕ ਸਥਾਨਕ ਅਨਾਜ ਮੰਡੀ ਨੂੰ ਵੀ ਜਾਂਦੀ ਹੈ ਜਿਸ ਕਾਰਨ ਮੰਡੀ ਵਿਚ ਆਪਣੀ ਫ਼ਸਲ ਲਿਜਾਣ ਸਮੇਂ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਇਸ ਸੜਕ ਨੂੰ ਜਲਦ ਤੋਂ ਜਲਦ ਬਣਾ ਕੇ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਈ ਜਾਵੇ |