ਸੁਲਤਾਨਪੁਰ ਲੋਧੀ, 1 ਮਾਰਚ (ਪ. ਪ.)-ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਤੇ 16 ਫ਼ੀਸਦੀ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੇ ਹੋਰ ਭੱਤਿਆਂ ਨੂੰ ਲਾਗੂ ਨੂੰ ਲਾਗੂ ਕਰਵਾਉਣ ਲਈ ਸਾਂਝੇ ਮੁਲਾਜ਼ਮ ਫ਼ਰੰਟ ਨੇ 8 ਮਾਰਚ ਨੂੰ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਆਪਣੇ ਆਖ਼ਰੀ ਬਜਟ ਮੌਕੇ ਵਿਧਾਨ ਸਭਾ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਕਪੂਰਥਲਾ ਤੋਂ ਵੱਡੀ ਗਿਣਤੀ 'ਚ ਇਸਤਰੀ ਅਧਿਆਪਕਾਂ ਗੌਰਮਿੰਟ ਟੀਚਰ ਯੂਨੀਅਨ ਦੇ ਝੰਡੇ ਹੇਠ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੀਆਂ | 8 ਮਾਰਚ ਦੇ ਘਿਰਾਓ ਸੰਬੰਧੀ ਅਧਿਆਪਕਾਂ ਨੂੰ ਲਾਮਬੰਦ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਸੀਨੀਅਰ ਆਗੂ ਬਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨਾਲ਼ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਖੁੱਲੇ੍ਹਆਮ ਵਾਅਦਾ ਕਰਨ ਵਾਲੀ ਸਰਕਾਰ ਅੱਜ ਟਾਲਮਟੋਲ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪਹਿਲਕਦਮੀ ਕਰਦਿਆਂ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ | ਉਨ੍ਹਾਂ ਨੇ ਕਿਹਾ ਬੀਤੇ ਦਿਨ ਕੇਰਲ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇ ਦਿੱਤਾ ਹੈ | ਉਨ੍ਹਾਂ ਨੇ ਕਿਹਾ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਹਰ ਮੁਲਾਜ਼ਮ ਦਾ ਸੰਵਿਧਾਨਕ ਹੱਕ ਹੈ ਤੇ ਸਮੇਂ ਦੀਆਂ ਸਰਕਾਰਾਂ ਮੁਲਾਜ਼ਮਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀਆਂ ਹਨ | ਇਸ ਮੌਕੇ ਇਸਤਰੀ ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਇਸ ਘਿਰਾਓ ਵਿਚ ਆਪਣੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਨਾਲ਼ ਲੈ ਕੇ ਅਗਵਾਈ ਕਰਨਗੀਆਂ | ਇਸ ਮੌਕੇ ਸੁਖਵਿੰਦਰ ਕੌਰ, ਬਲਜੀਤ ਕੌਰ, ਸਤਵਿੰਦਰ ਕੌਰ, ਮਨਦੀਪ ਕੌਰ, ਭੁਪਿੰਦਰ ਕੌਰ, ਹਰਜੀਤ ਕੌਰ, ਨਵਜੋਤ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ |