ਸੁਲਤਾਨਪੁਰ ਲੋਧੀ, 30 ਮਾਰਚ (ਨਰੇਸ਼ ਹੈਪੀ)-ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਧਰੇਂਦਰ ਵਰਮਾ (ਆਈ. ਪੀ. ਐਸ.) ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਿੰਦਰ ਸਿੰਘ ਐਸ. ਐਚ. ਓ. ਸੁਲਤਾਨਪੁਰ ਲੋਧੀ ਦੀ ਅਗਵਾਈ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 2 ਵਿਅਕਤੀ ਤੇ 1 ਔਰਤ ਨੂੰ ਗਿ੍ਫ਼ਤਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਕਥਿਤ ਤੌਰ 'ਤੇ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ | ਏ. ਐਸ. ਪੀ. ਸੁਲਤਾਨਪੁਰ ਲੋਧੀ ਧਰੇਂਦਰ ਵਰਮਾ ਨੇ ਦੱਸਿਆ ਕਿ ਏ. ਐਸ. ਆਈ. ਹਰੀਸ਼ ਕੁਮਾਰ ਕੋਲ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਨਸੀਰਪੁਰ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਵਾਇਆ ਕਿ ਬੀਤੀ 27 ਮਾਰਚ ਨੂੰ ਸਵੇਰੇ ਕਰੀਬ 11:40 ਵਜੇ ਉਸ ਨੂੰ ਇਕ ਲੜਕੀ ਨੇ ਫ਼ੋਨ ਕਰਕੇ ਕਿਹਾ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਤੂੰ ਸ਼ਹਿਰ ਦੇ ਨੇੜੇ ਘਰ ਲੈਣਾ ਚਾਹੁੰਦਾ ਹੈ | ਉਸ ਕੋਲ ਬਣਿਆ ਹੋਇਆ ਮਕਾਨ ਹੈ | ਜੇਕਰ ਲੈਣਾ ਹੈ ਤਾਂ ਆ ਕੇ ਦੇਖ ਲੈ, ਉਹ ਉਸ ਨੂੰ ਲੋਹੀਆ ਚੁੰਗੀ ਪੁਲੀ 'ਤੇ ਮਿਲੇਗੀ | ਹਰਵਿੰਦਰ ਸਿੰਘ ਲੜਕੀ ਦੇ ਕਹਿਣ ਮੁਤਾਬਿਕ ਲੋਹੀਆ ਚੁੰਗੀ ਸੁਲਤਾਨਪੁਰ ਲੋਧੀ ਇਕ ਮਕਾਨ 'ਚ ਚਲਾ ਗਿਆ ਸੀ, ਜਿਥੇ ਉਸ ਲੜਕੀ ਨੇ ਉਸ ਨੰੂ ਘਰ ਦਿਖਾਉਣ ਦੇ ਬਹਾਨੇ ਅੰਦਰ ਲਿਜਾ ਕਿ ਕਥਿਤ ਤੌਰ 'ਤੇ ਆਪਣੇ ਸਾਰੇ ਕੱਪੜੇ ਲਾਹ ਲਏ, ਇੰਨੇ ਨੂੰ ਇਕ ਮੋਨਾ ਵਿਅਕਤੀ ਅੰਦਰ ਆ ਗਿਆ, ਜਿਸ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਹੋਰ ਨਾਮਾਲੂਮ ਵਿਅਕਤੀ ਅੰਦਰ ਆ ਗਏ | ਬਾਅਦ 'ਚ ਹਰਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਪਹਿਲਾ ਆਇਆ ਵਿਅਕਤੀ, ਜਿਸ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ, ਉਸ ਦਾ ਨਾਂਅ ਬੂਟਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਹੈ ਤੇ ਰਜੇਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸੰਡਾਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਹਨ | ਜਿਨ੍ਹਾਂ ਨੇ ਹਰਵਿੰਦਰ ਸਿੰਘ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਨੰੂ ਬਲੈਕਮੇਲ ਕਰਕੇ ਉਸ ਪਾਸੋਂ 75 ਹਜ਼ਾਰ ਰੁਪਏ ਲੈ ਲਏ ਤੇ 2 ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਸੀ | ਏ. ਐਸ. ਪੀ. ਨੇ ਦੱਸਿਆ ਕਿ ਸੰਬੰਧਿਤ ਵਿਅਕਤੀ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਤਫ਼ਤੀਸ਼ ਦੌਰਾਨ 2 ਵਿਅਕਤੀਆਂ ਤੇ 1 ਔਰਤ ਰੇਖਾ ਪਤਨੀ ਪਰਮਿੰਦਰ ਸਿੰਘ ਵਾਸੀ ਅਦਾਲਤ ਚੱਕ ਸੁਲਤਾਨਪੁਰ ਲੋਧੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਏ. ਐਸ. ਪੀ. ਵਰਮਾ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਪਾਸੋਂ ਬਲੈਕਮੇਲ ਕਰਕੇ ਹਾਸਿਲ ਕੀਤੇ 20 ਹਜ਼ਾਰ ਰੁਪਏ ਤੇ ਪੀੜਤ ਦਾ ਪਰਸ ਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ | ਜਿਸ ਫ਼ੋਨ 'ਚ ਵੀਡੀਓ ਬਣਾਈ ਸੀ ਉਹ ਵੀ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਪੁਲਿਸ ਬਰੀਕੀ ਨਾਲ ਪੁੱਛਗਿਛ ਕਰ ਰਹੀ ਹੈ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |