19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਵਿਕਾਸ ਕਾਰਜ ਸ਼ੁਰੂ ਨਾ ਕਰਵਾਏ ਜਾਣ ਦੇ ਰੋਸ ਵਜੋਂ ਕਾਂਗਰਸੀ ਕੌਂਸਲਰਾਂ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰ ਕੇ ਦਿੱਤਾ ਧਰਨਾ <br/>

ਅਜੀਤ ਡੈਸਕ 31-03-2026
ਕਪੂਰਥਲਾ, 30 ਮਾਰਚ (ਅਮਰਜੀਤ ਕੋਮਲ)-ਸ਼ਹਿਰ 'ਚ ਨਵੀਆਂ ਬਣਨ ਵਾਲੀਆਂ ਸੜਕਾਂ, ਸੀਵਰੇਜ ਤੇ ਹੋਰ ਵਿਕਾਸ ਕਾਰਜਾਂ ਲਈ ਪਾਸ ਹੋ ਚੁੱਕੇ ਕਰੋੜਾਂ ਰੁਪਏ ਦੇ ਟੈਂਡਰਾਂ, ਜਿਨ੍ਹਾਂ ਦੇ ਵਰਕ ਆਰਡਰ ਵੀ ਜਾਰੀ ਹੋ ਚੁੱਕੇ ਹਨ, ਸੰਬੰਧੀ ਨਗਰ ਨਿਗਮ ਵਲੋਂ ਕੰਮ ਸ਼ੁਰੂ ਨਾ ਕਰਵਾਏ ਜਾਣ ਦੇ ਰੋਸ ਵਜੋਂ ਅੱਜ ਵਾਰਡ 20 ਦੇ ਕੌਂਸਲਰ ਸੰਦੀਪ ਸਿੰਘ ਦੀ ਅਗਵਾਈ 'ਚ ਕਾਂਗਰਸੀ ਕੌਂਸਲਰਾਂ ਨੇ ਨਿਗਮ ਦੇ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਕੇ ਮੀਟਿੰਗ ਹਾਲ ਵਿਚ ਹੀ ਧਰਨਾ ਦੇ ਕੇ ਨਗਰ ਨਿਗਮ ਵਿਰੁੱਧ ਰੋਸ ਵਿਖਾਵਾ ਕੀਤਾ | ਇਸ ਮੌਕੇ ਨਗਰ ਕੌਂਸਲਰ ਤੇ ਕਾਂਗਰਸ ਆਗੂ ਕਰਨ ਮਹਾਜਨ ਨੇ ਕਿਹਾ ਕਿ ਸ਼ਹਿਰ 'ਚ ਨਗਰ ਨਿਗਮ 'ਤੇ ਕਾਂਗਰਸ ਦਾ ਕਬਜ਼ਾ ਹੈ, ਨਿਗਮ ਵਲੋਂ ਸੜਕਾਂ ਬਣਾਉਣ, ਸੀਵਰੇਜ ਤੇ ਹੋਰ ਬਹੁਤ ਸਾਰੇ ਪਾਸ ਕੀਤੇ ਕੰਮ ਨਾ ਕਰਵਾਏ ਜਾਣ ਕਾਰਨ ਸ਼ਹਿਰ ਵਾਸੀਆਂ ਤੇ ਕੌਂਸਲਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਨਗਰ ਨਿਗਮ ਦੀ ਕਮਿਸ਼ਨਰ ਦੇ ਧਿਆਨ ਵਿਚ ਵਾਰ-ਵਾਰ ਵੀ ਲਿਆ ਚੁੱਕੇ ਹਨ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਹੀਂ ਹੋਏ | ਟੁੱਟੀਆਂ ਸੜਕਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਬਹੁਤ ਸਾਰੀਆਂ ਸਟਰੀਟ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ, ਕਈ ਥਾਵਾਂ ਜਿੱਥੇ ਸੀਵਰੇਜ ਪਾਇਆ ਜਾ ਚੁੱਕਾ ਹੈ ਉੱਥੇ ਸੜਕਾਂ ਅਜੇ ਵੀ ਕੱਚੀਆਂ ਹਨ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵਿਕਾਸ ਕਾਰਜ ਅਧੂਰੇ ਚੱਲੇ ਆ ਰਹੇ ਹਨ | ਕਰਨ ਮਹਾਜਨ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਸ਼ਹਿਰ ਵਿਚ ਵਿਕਾਸ ਕਾਰਜ ਨਾ ਕਰਵਾਏ ਜਾਣ ਤਾਂ ਜੋ ਨਗਰ ਨਿਗਮ ਦੀਆਂ ਆਗਾਮੀ ਚੋਣਾਂ 'ਚ ਇਸਦਾ ਖ਼ਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਵੇ ਤੇ ਸਿਆਸੀ ਲਾਹਾ ਲੈਣ ਦੀ ਹੋੜ 'ਚ ਸੱਤਾਧਾਰੀ ਪਾਰਟੀ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਅੜਿੱਕੇ ਢਾਹ ਰਹੀ ਹੈ | ਕਾਂਗਰਸ ਆਗੂ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਬਣਨ ਵਾਲੀਆਂ ਸੜਕਾਂ, ਜਿਨ੍ਹਾਂ ਦੇ ਟੈਂਡਰ ਵੀ ਹੋ ਚੁੱਕੇ ਹਨ ਤੇ ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਠੇਕੇਦਾਰਾਂ ਦੇ ਪਾਏ ਗਏ ਕਥਿਤ ਦਬਾਅ ਕਾਰਨ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਏ | ਉਨ੍ਹਾਂ ਕਿਹਾ ਕਿ ਨਵੀਆਂ ਬਣਨ ਵਾਲੀਆਂ ਸੜਕਾਂ ਦੇ ਕੰਮਾਂ ਦੀ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਸ਼ੁਰੂਆਤ ਕਰਵਾਈ ਜਾ ਚੁੱਕੀ ਹੈ | ਕਾਂਗਰਸ ਕੌਂਸਲਰਾਂ ਵਲੋਂ ਮੀਟਿੰਗ ਹਾਲ 'ਚ ਦਿੱਤੇ ਗਏ ਧਰਨੇ ਦੌਰਾਨ ਨਗਰ ਨਿਗਮ ਦੀ ਕਮਿਸ਼ਨਰ ਨੇ ਨਿਗਮ ਦੇ ਜੇ. ਈ. ਨੂੰ ਭੇਜ ਕੇ ਧਰਨੇ 'ਤੇ ਬੈਠੇ ਕੌਂਸਲਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਸਾਰੇ ਵਿਕਾਸ ਕਾਰਜਾਂ ਨੂੰ ਜਲਦੀ ਸ਼ੁਰੂ ਕਰਵਾਉਣਗੇ, ਜਿਸ ਪਿੱਛੋਂ ਕੌਂਸਲਰ ਧਰਨਾ ਖ਼ਤਮ ਕਰਕੇ ਹਾਊਸ ਦੀ ਮੀਟਿੰਗ 'ਚ ਸ਼ਾਮਿਲ ਹੋ ਗਏ | ਇਥੇ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਵੀ ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਦੀ ਅਗਵਾਈ 'ਚ ਕਾਂਗਰਸ ਆਗੂਆਂ ਤੇ ਕੌਂਸਲਰਾਂ ਨੇ ਨਗਰ ਨਿਗਮ ਦੀ ਕਮਿਸ਼ਨਰ ਨੂੰ ਇਕ ਯਾਦ ਪੱਤਰ ਦੇ ਕੇ ਮੰਗ ਕੀਤੀ ਸੀ ਜਿਹੜੀਆਂ ਸੜਕਾਂ, ਸੀਵਰੇਜ ਤੇ ਹੋਰ ਵਿਕਾਸ ਕਾਰਜਾਂ ਦੇ ਟੈਂਡਰ ਹੋ ਕੇ ਵਰਕ ਆਰਡਰ ਵੀ ਹੋ ਚੁੱਕੇ ਹਨ ਉਹ ਕੰਮ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਤੁਰੰਤ ਕਰਵਾਏ ਜਾਣ | ਨਿਗਮ ਦੀ ਕਮਿਸ਼ਨਰ ਨੇ ਕਾਂਗਰਸ ਆਗੂਆਂ ਤੇ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਨਿਗਮ ਦੇ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਕਰਕੇ ਕੰਮ ਬਹੁਤ ਜਲਦੀ ਸ਼ੁਰੂ ਕਰਵਾਏ ਜਾਣਗੇ ਤੇ ਅੱਜ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸ਼ਹਿਰ ਵਿਚ ਕਿਤੇ ਵੀ ਕੋਈ ਕੰਮ ਸ਼ੁਰੂ ਨਹੀਂ ਹੋਇਆ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰ ਕੇ ਪੈਸੇ ਬਟੋਰਨ ਵਾਲੇ ਗਰੋਹ ਦਾ ਪਰਦਾਫ਼ਾਸ਼–3 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।