ਕਪੂਰਥਲਾ, 10 ਮਈ (ਸਡਾਨਾ)-ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਕਪੂਰਥਲਾ ਇਕਾਈ ਵਲੋਂ 17 ਮਈ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ ਵਿਸ਼ਾਲ ਕਨਵੈੱਨਸ਼ਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਕੀਤੀ ਗਈ | ਜਿਸ ਵਿਚ ਡੀ.ਟੀ.ਐਫ. ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਡੀ.ਟੀ.ਐਫ. ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ, ਰਮੇਸ਼ ਅਬੋਹਰ ਤੇ ਤਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਕਾਰਾਂ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ ਤੇ ਪੁਰਾਣੀ ਪੈਨਸ਼ਨ ਉਨ੍ਹਾਂ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਤੋਂ ਬਾਅਦ ਵੀ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ | ਹਾਜ਼ਰ ਸਮੂਹ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ ਨਾਲ ਬਕਾਇਆ ਡੀ.ਏ. ਤੇ ਕੱਟੇ ਗਏ ਹੋਰ ਭੱਤੇ ਬਹਾਲ ਨਹੀਂ ਕੀਤੇ ਜਾਂਦੇ, ਉਸ ਸਮੇਂ ਤੱਕ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਬਾ ਪੱਧਰੀ ਕਨਵੈੱਨਸ਼ਨ 17 ਮਈ ਨੂੰ ਮੋਹਾਲੀ ਵਿਖੇ ਹੋਵੇਗੀ | ਜਿਸ ਵਿਚ ਵੱਡੀ ਪੱਧਰ 'ਤੇ ਅਧਿਆਪਕ ਸ਼ਾਮਲ ਹੋਣਗੇ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਜਾਵੇਗਾ | ਇਸ ਮੌਕੇ ਗੁਰਮੁਖ ਲੋਕ ਪ੍ਰੇਮੀ, ਬਲਵਿੰਦਰ ਭੰਡਾਲ, ਪਵਨ ਜੋਸ਼ੀ, ਬਲਬੀਰ ਸਿੰਘ, ਕੁਲਵੀਰ ਸਿੰਘ, ਅਵਤਾਰ ਸਿੰਘ ਗਿੱਲ, ਮੋਹਿਤ, ਸੁਨੀਲ ਵਰਮਾ, ਅਮਨ ਢਿੱਲੋਂ, ਰੋਹਿਤ ਸ਼ਰਮਾ, ਸੁਖਮੀਤ ਸਿੰਘ, ਲਵਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |