ਕਪੂਰਥਲਾ, 10 ਮਈ (ਵਿ.ਪ੍ਰ.)-ਕਿਤਾਬ ਮੰਚ ਕਪੂਰਥਲਾ ਰਜਿ. ਦੀ ਇਕ ਮੀਟਿੰਗ ਸਥਾਨਕ ਗੁਰੂ ਨਾਨਕ ਲਾਇਬ੍ਰੇਰੀ ਵਿਚ ਮੰਚ ਦੇ ਪ੍ਰਧਾਨ ਡਾ. ਹਰਭਜਨ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਹਰਭਜਨ ਸਿੰਘ ਨੇ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੰਚ ਵਲੋਂ ਭਵਿੱਖ ਵਿਚ ਪ੍ਰਸ਼ਾਸਨਿਕ ਅਦਾਰਿਆਂ, ਲਾਇਬ੍ਰੇਰੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਕਪੂਰਥਲਾ ਤੇ ਇਸ ਦੇ ਨੇੜਲੇ ਖੇਤਰਾਂ ਵਿਚ ਸਮਾਗਮ, ਵਰਕਸ਼ਾਪ ਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ | ਮੰਚ ਵਲੋਂ ਪਾਠਕਾਂ ਨੂੰ ਪੁਸਤਕਾਂ ਦੀ ਉਪਲਬਧਤਾ ਨੂੰ ਸੁਖਾਵਾਂ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਕੋਲ ਪੁਸਤਕਾਂ ਦਾ ਸੰਗ੍ਰਹਿ ਹੈ, ਜਿਸ ਨੂੰ ਪੜ੍ਹਨ ਉਪਰੰਤ ਉਹ ਕਿਤਾਬ ਮੰਚ ਵਲੋਂ ਨਿਰਧਾਰਿਤ ਸਥਾਨਾਂ 'ਤੇ ਦਾਨ ਵਜੋਂ ਦੇ ਸਕਦੇ ਹਨ ਤਾਂ ਜੋ ਪੁਸਤਕ ਪੜ੍ਹਨ ਦੀ ਰੁਚੀ ਰੱਖਣ ਵਾਲੇ ਪਾਠਕ ਉਨ੍ਹਾਂ ਸਥਾਨਾਂ ਤੋਂ ਪੜ੍ਹਨ ਲਈ ਕਿਤਾਬਾਂ ਮੁਫ਼ਤ ਪ੍ਰਾਪਤ ਕਰ ਸਕਣ | ਮੀਟਿੰਗ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਕਿਤਾਬ ਮੰਚ ਕਪੂਰਥਲਾ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਹੁਤ ਜਲਦੀ ਮੰਚ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਇਕ ਸਮਾਗਮ ਕਰਵਾਇਆ ਜਾਵੇਗਾ | ਇਸ ਮੌਕੇ ਮੰਚ ਦੇ ਮੀਤ ਪ੍ਰਧਾਨ ਸ਼ਹਿਬਾਜ ਖ਼ਾਨ, ਜਨਰਲ ਸਕੱਤਰ ਸਵਰਾਜ ਕੌਰ, ਮੀਡੀਆ ਸਕੱਤਰ ਗੁਰਪ੍ਰੀਤ ਕੌਰ ਪਨੇਸਰ, ਹਰਪ੍ਰੀਤ ਕੌਰ, ਕੋਮਲਪ੍ਰੀਤ ਕੌਰ ਤੇ ਮਨੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |