ਕਪੂਰਥਲਾ, 10 ਮਈ (ਵਿ.ਪ੍ਰ.)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਰੈੱਡ ਕਰਾਸ ਦੇ ਸੰਸਥਾਪਕ ਸਰ ਹੈਨਰੀ ਡੂਡੈਂਟ ਦੇ ਜਨਮ ਦਿਵਸ ਨੂੰ ਸਮਰਪਿਤ ਸਥਾਨਕ ਰੈੱਡ ਕਰਾਸ ਭਵਨ ਵਿਚ ਵਿਸ਼ਵ ਰੈੱਡ ਕਰਾਸ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੱਤਰ ਸਿੰਘ ਬੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਤੇ ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਬੋਲਦਿਆਂ ਸਕੱਤਰ ਸਿੰਘ ਬੱਲ ਨੇ ਸਮਾਗਮ ਵਿਚ ਸ਼ਾਮਲ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਦੇ ਭਲੇ ਲਈ ਰੈੱਡ ਕਰਾਸ ਦੀ ਮੂਵਮੈਂਟ ਨਾਲ ਜੁੜਣ ਤੇ ਜੇਕਰ ਉਨ੍ਹਾਂ ਦੇ ਧਿਆਨ ਵਿਚ ਕੋਈ ਲੋੜਵੰਦ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਬਣਦੀ ਸਹਾਇਤਾ ਦਿਵਾਉਣ ਲਈ ਰੈੱਡ ਕਰਾਸ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕਰਨ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਆਰ.ਸੀ. ਬਿਰਹਾ ਨੇ ਦੱਸਿਆ ਕਿ ਪਿਛਲੇ ਸਾਲ ਰੈੱਡ ਕਰਾਸ ਸੁਸਾਇਟੀ ਵਲੋਂ 28 ਵਿਧਵਾ ਬੇਸਹਾਰਾ ਔਰਤਾਂ ਨੂੰ ਸਿਲਾਈ ਮਸ਼ੀਨਾਂ, ਅੰਗਹੀਣ ਵਿਅਕਤੀਆਂ ਨੂੰ 4 ਵੀਲ੍ਹ ਚੇਅਰ ਤੇ ਜ਼ਿਲ੍ਹੇ ਵਿਚ ਹੋਰ ਲੋੜਵੰਦ ਵਿਅਕਤੀਆਂ ਨੂੰ 2 ਲੱਖ 53800 ਰੁਪਏ ਦਾ ਲੋੜੀਂਦਾ ਸਮਾਨ ਤਕਸੀਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵਲੋਂ ਚਲਾਏ ਜਾ ਰਹੇ ਫੀਜ਼ਿਓਥੈਰੇਪੀ ਯੂਨਿਟ ਵਿਚ ਹੁਣ ਤੱਕ 3258 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਤੇ 205 ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ | ਇਸ ਮੌਕੇ ਕਿਰਪਾਲਵੀਰ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਡਾ. ਸੰਜੀਵ ਭਗਤ ਸਿਵਲ ਸਰਜਨ, ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਦਲਜੀਤ ਸਿੰਘ ਗਿੱਲ ਡਿਪਟੀ ਡਾਇਰੈਕਟਰ ਬਾਗਬਾਨੀ, ਰਕੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਪਿ੍ੰਸੀਪਲ ਪ੍ਰੋਮਿਲਾ ਅਰੋੜਾ, ਗੁਰਮੁਖ ਸਿੰਘ ਢੋਡ, ਸੈਮੂਅਲ, ਗੁਰਵਿੰਦਰ ਸਿੰਘ (ਚਾਰੇ ਲਾਈਫ ਮੈਂਬਰਾਂ) ਤੋਂ ਇਲਾਵਾ ਰੈੱਡ ਕਰਾਸ ਮਾਰਕੀਟ ਦੇ ਕੁੱਝ ਦੁਕਾਨਦਾਰ ਵੀ ਹਾਜ਼ਰ ਸਨ |