ਸੁਲਤਾਨਪੁਰ ਲੋਧੀ, 11 ਮਈ (ਨਰੇਸ਼ ਹੈਪੀ)-ਤਾਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਸ਼੍ਰੀ ਸੀ.ਜੋਸਫ ਵਿਜੈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਧਾਈ ਦਿੱਤੀ ਹੈ | ਉਨ੍ਹਾਂ ਸ੍ਰੀ ਵਿਜੈ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਤਾਮਿਲਨਾਡੂ ਤੇ ਪੰਜਾਬ ਦੇ ਰਿਸ਼ਤੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝ ਨੇ ਜੋੜਿਆ ਹੋਇਆ ਹੈ | ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਜਦੋਂ ਸ੍ਰੀਲੰਕਾ ਗਏ ਸਨ ਤਾਂ ਵਾਪਸੀ 'ਤੇ ਗੁਰੂ ਸਾਹਿਬ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਵਿਚ ਪੜਾਅ ਕੀਤਾ ਸੀ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਸਿਧਾਂਤ 'ਤੇ ਅਮਲ ਕਰਦਿਆਂ ਹੀ ਇਸ ਦੇਸ਼ ਵਿਚ ਅਤੇ ਦੁਨੀਆ ਨੂੰ ਸਾਂਝੀਵਾਲਤਾ ਵਾਲਾ ਮਾਹੌਲ ਸਿਰਜਿਆ ਜਾਣਾ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਤਾਮਿਲਨਾਡੂ ਦੇ ਯੁਵਾ ਮੁੱਖ ਮੰਤਰੀ ਸ਼੍ਰੀ ਵਿਜੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਕੇ ਉੱਭਰੇ ਹਨ | ਉਨ੍ਹਾਂ ਕਿਹਾ ਕਿ ਸਿਆਸਤ ਨੂੰ ਗੰਦੀ ਖੇਡ ਦੇ ਤੌਰ 'ਤੇ ਇੱਕ ਸਾਜ਼ਿਸ਼ ਤਹਿਤ ਏਨਾ ਜ਼ਿਆਦਾ ਪ੍ਰਚਾਰਿਆ ਗਿਆ ਹੈ ਕਿ ਨੌਜਵਾਨ ਵਰਗ ਇਸ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ | ਜਦ ਕਿ ਚੰਗੀ ਸਿਆਸਤ ਇੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ | ਚੋਣ ਜਿੱਤ ਕੇ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਹਿਸਾਸ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਜਾਮ ਹੋ ਚੁੱਕੇ ਸਿਸਟਮ ਨੂੰ ਚਲਾਉਣ ਦੇ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ | ਰਾਜਨੀਤੀ ਭਾਵ ਰਾਜ ਨੂੰ ਚਲਾਉਣ ਵਾਲੀ ਨੀਤੀ | ਇਸ ਨੂੰ ਗੰਦਾ ਤਾਂ ਭਿ੍ਸ਼ਟ ਰਾਜਸੀ ਲੀਡਰਾਂ ਨੇ ਕੀਤਾ ਹੈ ਤੇ ਚੰਗੇ ਬੰਦਿਆ ਨੂੰ ਇਸ ਤੋਂ ਦੂਰ ਰੱਖਣ ਦਾ ਮਾਹੌਲ ਬਣਾਇਆ ਹੋਇਆ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਇਸੇ ਲਈ ਚੰਗੇ, ਇਮਾਨਦਾਰ ਤੇ ਹਿੰਮਤੀ ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਬੇਹੱਦ ਜ਼ਰੂਰੀ ਹੈ | ਨੌਜਵਾਨ ਹੀ ਦੇਸ਼ ਨੂੰ ਭਿ੍ਸ਼ਟਾਚਾਰ ਮੁਕਤ ਬਣਾਉਣ ਦੀ ਸਮਰੱਥਾ ਰੱਖਦੇ ਹਨ | ਸੰਤ ਸੀਚੇਵਾਲ ਨੇ ਕਾਮਨਾ ਕੀਤੀ ਕਿ ਤਾਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਸ਼੍ਰੀ ਸੀ.ਜੋਸਫ ਵਿਜੈ ਉੱਥੇ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰੇ ਉੱਤਰਨਗੇ | ਸਿਲਵਰ ਸਕਰੀਨ ਦੇ ਹੀਰੋ ਅਸਲ ਜ਼ਿੰਦਗੀ ਵਿਚ ਆਮ ਲੋਕਾਂ ਦੇ ਜੀਵਨ ਵਿਚ ਆਉਣ ਵਾਲੀਆਂ ਤਲਖ਼ ਹਕੀਕਤਾਂ ਅਤੇ ਚੁਨੌਤੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਗੇ |