ਨਡਾਲਾ, 11 ਮਈ (ਰਘਬਿੰਦਰ ਸਿੰਘ)-ਕਸਬਾ ਨਡਾਲਾ ਦੇ ਭੁਲੱਥ ਰੋਡ ਸਥਿਤ ਮਿਹਰਬਾਨ ਗੈਸ ਏਜੰਸੀ ਵਿਚੋਂ 80 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਪੰਕਜ ਜੈਨ ਪੁੱਤਰ ਸ਼ਾਮ ਸੁੰਦਰ ਜੈਨ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਬਤੌਰ ਮੈਨੇਜਰ ਮੇਹਰਮਾਨ ਗੈਸ ਏਜੰਸੀ ਨਡਾਲਾ ਵਿਖੇ ਨੌਕਰੀ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ 2 ਮਈ ਦਿਨ ਸ਼ਨੀਵਾਰ ਸ਼ਾਮ ਕਰੀਬ 7 ਵਜੇ ਸ਼ਾਮ ਨੂੰ ਗੈਸ ਏਜੰਸੀ ਦਫ਼ਤਰ ਨੂੰ ਬੰਦ ਕਰਕੇ ਆਪਣੇ ਰਿਹਾਇਸ਼ੀ ਮਕਾਨ ਵਿਚ ਚਲਾ ਗਿਆ ਤੇ 4 ਮਈ ਨੂੰ ਵਕਤ ਕਰੀਬ 5.30 ਵਜੇ ਉਸ ਨੰੂ ਕਿਸੇ ਗ੍ਰਾਹਕ ਦਾ ਫ਼ੋਨ ਆਇਆ ਕਿ ਤੁਹਾਡੀ ਗੈਸ ਏਜੰਸੀ ਦੇ ਦਫ਼ਤਰ ਦਾ ਸ਼ਟਰ ਕੱਟਿਆ ਹੋਇਆ ਹੈ, ਇਸ ਦੌਰਾਨ ਮੈਂ ਆਪਣੇ ਪਾਰਟਨਰ ਸੁਖਜਿੰਦਰ ਸਿੰਘ ਨਾਲ ਮੌਕੇ 'ਤੇ ਆ ਕੇ ਦੇਖਿਆ ਤਾਂ ਦਫ਼ਤਰ ਦਾ ਸ਼ਟਰ ਕਿਸੇ ਤਿੱਖੀ ਚੀਜ਼ ਨਾਲ ਕੱਟਿਆ ਹੋਇਆ ਸੀ, ਜਦ ਦਫ਼ਤਰ ਦੇ ਅੰਦਰ ਵੜ੍ਹ ਕੇ ਦੇਖਿਆ ਤਾਂ ਟੇਬਲਾਂ ਦੇ ਦਰਾਜ਼ਾਂ ਦੀ ਫਰੋਲਾ ਫਰਾਲੀ ਹੋਈ ਪਈ ਸੀ ਤੇ ਕਾਫ਼ੀ ਸਮਾਨ ਖਿੱਲਰਿਆ ਪਿਆ ਸੀ | ਦਰਾਜ ਵਿਚ ਨੌਕਰਾ ਨੂੰ ਤਨਖ਼ਾਹ ਦੇਣ ਲਈ ਕਰੀਬ 80 ਹਜ਼ਾਰ ਰੁਪਏ ਰੱਖੇ ਹੋਏ ਸਨ ਜੋ ਕਿ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |