ਫਗਵਾੜਾ, 15 ਮਈ (ਹਰਜੋਤ ਸਿੰਘ ਚਾਨਾ)-ਸ਼ਹਿਰ ਦੇ ਮੇਹਲੀ ਗੇਟ ਤੋਂ ਪ੍ਰੋਫੈਸਰ ਕਾਲੋਨੀ, ਗੁਰੂ ਹਰਕਿ੍ਸ਼ਨ ਨਗਰ ਵੱਲ ਜਾਣ ਵਾਲੇ ਐਂਟਰੀ ਚੌਕ ਕੋਲ ਗਊਸ਼ਾਲਾ ਦੇ ਬਾਹਰ ਲੱਗੇ ਕੂੜੇ ਦੇ ਵੱਡੇ ਡੰਪ ਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ | ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਚੱਲ ਰਹੀ ਹੜਤਾਲ ਕਾਰਨ ਇਸ ਡੰਪ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਨਾਲ ਇਲਾਕਾ ਨਿਵਾਸੀ ਤੇ ਰਾਹਗੀਰ ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਹੋ ਰਹੇ ਹਨ | ਇਲਾਕੇ ਦੇ ਵਸਨੀਕਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਡੰਪ ਦੇ ਨੇੜੇ ਹੀ ਸ਼ਿਵ ਮੰਦਰ, ਗੁਰਦੁਆਰਾ ਸਾਹਿਬ ਤੇ ਵਰਿੰਦਰ ਪਾਰਕ ਸਥਿਤ ਹਨ, ਜਿੱਥੇ ਹਰ ਰੋਜ਼ ਸਵੇਰੇ-ਸ਼ਾਮ ਸੈਂਕੜੇ ਸ਼ਰਧਾਲੂ ਤੇ ਸੈਰ ਕਰਨ ਵਾਲੇ ਲੋਕ ਆਉਂਦੇ ਹਨ, ਪਰ ਸਾਰਾ ਦਿਨ ਅਤੇ ਰਾਤ ਸਮੇਂ ਇੱਥੋਂ ਉੱਠਦੀ ਜ਼ਹਿਰੀਲੀ ਬਦਬੂ ਕਾਰਨ ਲੋਕਾਂ ਲਈ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਇਹ ਮਾਮਲਾ ਜ਼ਿਲ੍ਹਾ ਅਦਾਲਤ ਤੱਕ ਵੀ ਪਹੁੰਚਿਆ ਸੀ | ਉਸ ਸਮੇਂ ਜ਼ਿਲ੍ਹਾ ਲੋਕ ਅਦਾਲਤ ਨੇ ਸਮਾਜਿਕ ਕਾਰਜਕਰਤਾ ਸੰਜੀਵ ਘਈ ਦੀ ਪੀ.ਆਈ.ਐਲ. 'ਤੇ ਸੁਣਵਾਈ ਕਰਦਿਆਂ ਜੁਲਾਈ 2024 ਵਿਚ ਡੰਪ ਨੂੰ ਪੱਕੇ ਤੌਰ 'ਤੇ ਹਟਾਉਣ ਤੇ ਜਗਾ ਦੀ ਸਫ਼ਾਈ ਕਰਵਾ ਕੇ ਕਾਰਪੋਰੇਸ਼ਨ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਇਸ ਆਦੇਸ਼ 'ਤੇ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ | ਸਮਾਜਿਕ ਕਾਰਜਕਰਤਾ ਸੰਜੀਵ ਘਈ ਲੱਕੀ ਤੇ ਪਰਸ਼ੂ ਰਾਮ ਸੈਨਾ ਦੇ ਸੂਬਾ ਮੀਤ ਪ੍ਰਧਾਨ ਹਰਿ ਓਮ ਸ਼ਰਮਾ ਲਵਲੀ ਨੇ ਨਗਰ ਨਿਗਮ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਡੰਪ ਤੋਂ ਕੂੜਾ ਚੁਕਵਾਇਆ ਜਾਵੇ ਅਤੇ ਰੋਜ਼ਾਨਾ ਸਫ਼ਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ |