ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)- ਸਿਵਲ ਹਸਪਤਾਲ ਫਗਵਾੜਾ ਵਿਖੇ 'ਡੇਂਗੂ ਨੂੰ ਰੋਕੋ, ਸਾਫ਼ ਸਫ਼ਾਈ ਅਪਣਾਓ' ਥੀਮ ਤਹਿਤ ਰਾਸ਼ਟਰੀ ਡੇਂਗੂ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਮਾਨਸੂਨ ਤੋਂ ਪਹਿਲਾਂ ਲੋਕਾਂ ਨੂੰ ਡੇਂਗੂ ਬੁਖਾਰ, ਇਸਦੇ ਲੱਛਣਾਂ, ਬਚਾਅ ਅਤੇ ਰੋਕਥਾਮ ਬਾਰੇ ਜਾਗਰੂਕ ਕਰਨਾ ਹੈ | ਮੈਡੀਕਲ ਸਪੈਸ਼ਲਿਸਟ ਡਾ. ਦਰਸ਼ਨ ਬੱਧਨ ਨੇ ਦੱਸਿਆ ਕਿ ਡੇਂਗੂ ਵਾਇਰਸ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਸਾਫ਼ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਤੇ ਮਾਸਪੇਸ਼ੀਆਂ 'ਚ ਦਰਦ ਇਸਦੇ ਮੁੱਖ ਲੱਛਣ ਹਨ | ਡੇਂਗੂ ਤੋਂ ਬਚਾਅ ਲਈ ਘਰਾਂ ਤੇ ਆਸ-ਪਾਸ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ | ਇਸ ਮੌਕੇ ਸਿਹਤ ਕਰਮਚਾਰੀਆਂ ਅਤੇ ਨਰਸਿੰਗ ਵਿਦਿਆਰਥੀਆਂ ਵੱਲੋਂ ਡੇਂਗੂ ਰੋਕਥਾਮ ਸਬੰਧੀ ਜਾਗਰੂਕਤਾ ਪ੍ਰਣ ਵੀ ਲਿਆ ਗਿਆ | ਇਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ, ਬਲਿਹਾਰ ਚੰਦ, ਰੀਟਾ ਮਸੀਹ ਨਰਸਿੰਗ ਸਿਸਟਰ, ਊਸ਼ਾ ਰਾਣੀ, ਸੁਨੀਲ ਕੁਮਾਰ, ਮਨੀ ਕੁਮਾਰ ਆਦਿ ਸ਼ਾਮਿਲ ਸਨ |