ਸੁਲਤਾਨਪੁਰ ਲੋਧੀ, 17 ਮਈ (ਨਰੇਸ਼ ਹੈਪੀ, ਥਿੰਦ)-ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਵਿਚ ਪਿ੍ੰਸੀਪਲ ਮੈਡਮ ਮਧੂ ਸ਼ਰਮਾ ਦੀ ਯੋਗ ਅਗਵਾਈ ਹੇਠ ਗਰੈਜੂਏਸ਼ਨ ਸਮਾਰੋਹ ਅਤੇ ਫੈਮਲੀ ਡੇ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਕੈਂਪਸ ਨੂੰ ਰੰਗ-ਬਿਰੰਗੀਆਂ ਸਜਾਵਟਾਂ ਨਾਲ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ, ਜਿਸ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ | ਸਮਾਰੋਹ ਦੀ ਸ਼ੁਰੂਆਤ ਰੱਬੀ ਬਾਣੀ ਤੇ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਅਧਿਆਤਮਿਕ ਰੰਗ ਵਿਚ ਰੰਗਿਆ ਗਿਆ | ਇਸ ਤੋਂ ਬਾਅਦ ਬੱਚਿਆਂ ਵੱਲੋਂ ਗਤਕੇ ਦਾ ਸ਼ਾਨਦਾਰ ਅਤੇ ਦਿਲਕਸ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਗਰੈਜੂਏਸ਼ਨ ਗਾਊਨ ਅਤੇ ਕੈਪ ਪਹਿਨ ਕੇ ਰੈਂਪ ਵਾਕ ਕੀਤਾ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਹਿਊਮਨ ਰਾਈਟ ਕੌਂਸਲ ਇੰਡੀਆ ਦੇ ਨੈਸ਼ਨਲ ਪ੍ਰਧਾਨ ਆਰਤੀ ਰਾਜਪੂਤ, ਪੰਜਾਬ ਪ੍ਰਧਾਨ ਰਮਨ ਨਹਿਰਾ ਅਤੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਦੀ ਵਿਸ਼ੇਸ਼ ਹਾਜ਼ਰੀ ਰਹੀ | ਮਹਿਮਾਨਾਂ ਦਾ ਸਕੂਲ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਅਤੇ ਸਨਮਾਨ ਚਿੰਨ੍ਹ ਨਾਲ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ ਮਾਤਾਵਾਂ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਰੰਗਾਰੰਗ ਡਾਂਸ ਪੇਸ਼ਕਾਰੀਆਂ ਦਿੱਤੀਆਂ ਜਿਨ੍ਹਾਂ ਨੇ ਸਮਾਗਮ ਵਿਚ ਪਰਿਵਾਰਕ ਪਿਆਰ ਅਤੇ ਸਾਂਝ ਦਾ ਸੁੰਦਰ ਸੰਦੇਸ਼ ਦਿੱਤਾ | ਬੱਚਿਆਂ ਵੱਲੋਂ ਆਪਣੇ ਮਾਤਾ-ਪਿਤਾ ਦੇ ਸਤਿਕਾਰ ਅਤੇ ਉਨ੍ਹਾਂ ਦੇ ਤਿਆਗ ਨੂੰ ਦਰਸਾਉਂਦੀ ਇੱਕ ਭਾਵੁਕ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਜਿਸ ਨੂੰ ਦੇਖ ਕੇ ਹਾਲ ਵਿਚ ਬੈਠੇ ਮਹਿਮਾਨ ਭਾਵੁਕ ਹੋ ਗਏ ਤੇ ਤਾਲੀਆਂ ਦੀ ਗੂੰਜ ਨਾਲ ਪੂਰਾ ਹਾਲ ਗੂੰਜ ਉਠਿਆ | ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ, ਦੇਸ਼-ਭਗਤੀ ਗੀਤ, ਕਵਿਤਾਵਾਂ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ | ਇਸ ਦੌਰਾਨ ਸਕੂਲ ਦੇ ਐਮ ਡੀ ਸੁਖਦੇਵ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪਰਗਟ ਸਿੰਘ ਜੱਜ, ਇੰਦਰ ਪਾਲ ਸਿੰਘ ਜੱਜ, ਨਵਜੋਤ ਕੌਰ, ਮਨਜੀਤ ਕੌਰ ਜੱਜ, ਪਿ੍ੰਸੀਪਲ ਗਗਨਦੀਪ ਕੌਰ ਜੱਜ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਅਤੇ ਪਿ੍ੰਸੀਪਲ ਮੋਨਾ ਘਈ ਸੀਨੀਅਰ ਵਿੰਗ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਆਪਣੇ ਸੰਬੋਧਨ ਦੌਰਾਨ ਡਾ. ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਉੱਚੀ ਸੋਚ ਦੇਣਾ ਹੈ | ਪਿ੍ੰ: ਮਧੂ ਸ਼ਰਮਾ ਨੇ ਸਮੂਹ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੇਗਾ | ਮੁੱਖ ਮਹਿਮਾਨ ਆਰਤੀ ਰਾਜਪੂਤ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਅਤੇ ਸੰਸਕਾਰ ਕਾਬਿਲ-ਏ-ਤਾਰੀਫ਼ ਹਨ | ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੰਦੇ ਹਨ | ਸਟੇਜ ਦੀ ਭੂਮਿਕਾ ਮੈਡਮ ਨੀਨਾ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ | ਅੰਤ ਵਿਚ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਮਾਪਿਆਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਬੱਚਿਆਂ ਨੂੰ ਗਰੈਜੂਏਸ਼ਨ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕੋਆਰਡੀਨੇਟਰ ਪੂਜਾ ਚਾਵਲਾ, ਮਮਤਾ ਗੁਪਤਾ, ਵਿਸ਼ਵ ਪ੍ਰੀਤ ਕੌਰ, ਅਮਨ ਵਾਲੀਆ ਅਤੇ ਸਮੂਹ ਸਟਾਫ਼ ਹਾਜ਼ਰ ਸਨ |