ਬਹਿਰਾਮ, 17 ਮਈ (ਸਰਬਜੀਤ ਸਿੰਘ ਰਾਣਾ)-ਮਨੁੱਖ ਜਿਥੇ ਕੁਦਰਤ ਨਾਲ ਖਿਲਵਾੜ ਕਰਕੇ ਅਨੇਕਾਂ ਮੁਸੀਬਤਾਂ 'ਚ ਘਿਰਦਾ ਜਾ ਰਿਹਾ ਹੈ ਉੱਥੇ ਹੀ ਉਹ ਚਕਾ ਚੌਂਦ ਦੀ ਦਲ-ਦਲ 'ਚ ਫਸ ਕੇ ਅੱਲਾ ਦੀ ਬੰਦਗੀ ਕਰਨਾ ਵੀ ਭੁੱਲਦਾ ਜਾ ਰਿਹਾ ਹੈ | ਇਹ ਪ੍ਰਗਟਾਵਾ ਗੁਲਾਮ ਸਾਈਾ ਪੰਮੇ ਸ਼ਾਹ ਨੇ ਇਥੇ ਇਕ ਸਮਾਗਮ 'ਚ ਸੰਗਤਾਂ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਮਨੁੱਖੀ ਜੀਵ ਅੱਜ ਦੁਨੀਆਵੀ ਮੋਹ ਮਾਇਆ ਦੇ ਚੱਕਰਾਂ 'ਚ ਫਸ ਕੇ ਵਿਸ਼ਾ-ਵਿਕਾਰਾਂ ਅਤੇ ਭੋਗ ਵਿਲਾਸਤਾ 'ਚ ਗਲਤਾਨ ਹੋ ਕੇ ਦੁਨਿਆਵੀਂ ਰਿਸ਼ਤਿਆਂ ਤੋਂ ਵੀ ਦੂਰੀਆਂ ਬਣਾ ਰਿਹਾ ਹੈ, ਜਿਸ ਕਾਰਨ ਉਹ ਮਨ ਦੀ ਸ਼ਾਂਤੀ ਗੁਆ ਕੇ ਦੁੱਖਾਂ ਵਿਚ ਘਿਰਦਾ ਜਾ ਰਿਹਾ ਹੈ ਅਤੇ ਨਸ਼ਿਆਂ ਦਾ ਸਹਾਰਾ ਲੈ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਨਸ਼ੇ ਇਕੱਲੇ ਤਨ ਦਾ ਹੀ ਨਹੀਂ ਸਗੋਂ ਮਨ ਦਾ ਵੀ ਨਾਸ਼ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕਰਕੇ ਵਾਤਾਵਰਨ ਨੂੰ ਵੀ ਗੰਧਲਾ ਕਰ ਲਿਆ ਹੈ, ਜਿਸ ਕਾਰਨ ਸਾਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ |