ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਤੇ ਡਾ. ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ, ਸੁੱਜੋਂ ਦੀ ਅਗਵਾਈ 'ਚ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਵਿਖ਼ੇ 'ਇੰਟਰਨੈਸ਼ਨਲ ਨਰਸਿੰਗ ਦਿਵਸ' ਮਨਾਇਆ | ਰਾਜ ਕੁਮਾਰ ਹੈਲਥ ਇੰਸਪੈਕਟਰ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ 12 ਮਈ ਨੂੰ ਆਧੁਨਿਕ ਨਰਸਿੰਗ ਦੀ ਮੋਢੀ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਮੌਕੇ 'ਇੰਟਰਨੈਸ਼ਨਲ ਨਰਸਿੰਗ ਦਿਵਸ' ਮਨਾਇਆ ਜਾਂਦਾ ਹੈ | ਇਸ ਸਾਲ ਦਾ ਅੰਤਰਰਾਸ਼ਟਰੀ ਥੀਮ 'ਸਾਡੀਆਂ ਨਰਸਾਂ, ਸਾਡਾ ਭਵਿੱਖ' ਹੈ | ਇਹ ਦਿਨ ਸਮੁੱਚੀਆਂ ਨਰਸਾਂ ਦੇ ਕਿੱਤੇ ਪ੍ਰਤੀ ਸਮਰਪਣ, ਮਰੀਜ਼ਾਂ ਪ੍ਰਤੀ ਸੇਵਾ-ਭਾਵ ਅਤੇ ਉਨ੍ਹਾਂ ਦੀ ਪੇਸ਼ੇਵਰ ਏਕਤਾ ਦਿਖਾਉਣ ਦਾ ਦਿਨ ਹੈ | ਡਾ. ਮਨਪ੍ਰੀਤ ਕੌਰ ਮੈਡੀਕਲ ਅਫਸਰ, ਮੈਡਮ ਸਤਵਿੰਦਰਪਾਲ ਕੌਰ ਨਰਸਿੰਗ ਸਿਸਟਰ ਤੇ ਸਮੁੱਚੇ ਸਟਾਫ਼ ਨੇ ਫਲੋਰੈਂਸ ਨਾਈਟਿੰਗੇਲ ਦੇ ਚਿੱਤਰ ਅੱਗੇ ਦੀਪ ਜਗਾ ਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ | ਮੈਡਮ ਸਤਵਿੰਦਰਪਾਲ ਕੌਰ ਨਰਸਿੰਗ ਸਿਸਟਰ ਨੇ ਕਿਹਾ ਕਿ ਨਰਸਿਜ਼ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ | ਕੋਵਿਡ ਵਰਗੀ ਮਹਾਂਮਾਰੀ ਹੋਵੇ ਜਾਂ ਰੋਜ਼ਾਨਾ ਦੀ ਐਮਰਜੈਂਸੀ, ਅਸੀਂ ਹਮੇਸ਼ਾ ਫਰੰਟਲਾਈਨ 'ਤੇ ਖੜ੍ਹੇ ਹੁੰਦੇ ਹਾਂ | ਆਓ, ਇਸ ਦਿਨ ਨੂੰ ਆਪਣੇ ਸਵੈਮਾਣ ਤੇ ਸੇਵਾ-ਭਾਵ ਦੇ ਪ੍ਰਗਟਾਵੇ ਦਾ ਦਿਨ ਬਣਾਈਏ | ਇਸ ਮੌਕੇ ਡਾ. ਨਵੀਨ ਕੁਮਾਰ, ਆਰ. ਬੀ. ਐਸ. ਕੇ. ਟੀਮ, ਨਿਰਮਲ ਸਿੰਘ ਕਲਰਕ, ਵਿਕਾਸ ਸ਼ਰਮਾ, ਰਾਕੇਸ਼ ਕੁਮਾਰ ਐਲ. ਟੀ. ਤੇ ਸਮੁੱਚਾ ਸਿਹਤ ਸਟਾਫ਼ ਮੌਜੂਦ ਸੀ |