ਕਪੂਰਥਲਾ, 18 ਮਈ (ਅਮਰਜੀਤ ਕੋਮਲ)-ਸਿਵਲ ਹਸਪਤਾਲ ਕਪੂਰਥਲਾ ਵਿਚ ਆਪਣੇ ਰਾਜ ਕਾਲ ਦੌਰਾਨ ਮਹਾਰਾਜਾ ਜਗਤਜੀਤ ਸਿੰਘ ਵਲੋਂ ਤਾਮੀਰ ਕਰਵਾਈਆਂ ਗਈਆਂ ਇਤਿਹਾਸਕ ਤੇ ਵਿਰਾਸਤੀ ਇਮਾਰਤ ਨੂੰ ਹਸਪਤਾਲ ਦੀ ਨਵੀਂ ਬਿਲਡਿੰਗ ਬਣਾਏ ਜਾਣ ਦੀ ਆੜ ਵਿਚ ਢਾਹੇ ਜਾਣ ਦੇ ਵਿਰੋਧ ਵਿਚ ਅੱਜ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਮਨੁੱਖੀ ਅਧਿਕਾਰ ਕੌਂਸਲ ਇੰਡੀਅਨ ਦੇ ਮੀਤ ਪ੍ਰਧਾਨ, ਇਤਿਹਾਸਕਾਰ, ਲੇਖਕ ਤੇ ਪੱਤਰਕਾਰ ਅਮਰਜੀਤ ਸਿੰਘ ਵਿਰਕ, ਭਾਜਪਾ ਦੀ ਸੂਬਾਈ ਆਗੂ ਜੈਸਮੀਨ ਸੰਧਾਵਾਲੀਆ, ਐਡਵੋਕੇਟ ਮਨੂੰ ਗੌਤਮ, ਐਡਵੋਕੇਟ ਅਮਰਜੋਤ ਸਿੰਘ, ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਮਰੀਕ ਸਿੰਘ, ਕਾਂਗਰਸ ਆਗੂ ਵਿਸ਼ਾਲ ਸੋਨੀ, ਨਾਮਦੇਵ ਅਰੋੜਾ, ਪ੍ਰੋ. ਅਨੂਰਾਗ ਸ਼ਰਮਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਨ੍ਹਾਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਨੂੰ ਜੋ ਪੰਜਾਬ ਦੀਆਂ ਧਰੋਹਰ ਹਨ ਦੇ ਢਾਹੁਣ 'ਤੇ ਪਾਬੰਦੀ ਲਗਾਈ ਜਾਵੇ | ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸਰਕਾਰ ਨੇ ਇਸ ਇਮਾਰਤ ਨੂੰ ਸੰਭਾਲਣ ਦਾ ਉਪਰਾਲਾ ਕਰਨ ਦੀ ਥਾਂ ਉਸ ਨੂੰ ਤੋੜ ਕੇ ਸ਼ਹਿਰ ਦੀ ਸੁੰਦਰਤਾ ਦੇ ਨਾਲ ਨਾਲ ਇੱਥੋਂ ਦੇ ਇਤਿਹਾਸ ਨਾਲ ਧੱਕਾ ਕੀਤਾ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਲਗਭਗ ਇਕ ਸਦੀ ਪਹਿਲਾਂ ਬਣੀਆਂ ਇਨ੍ਹਾਂ ਇਮਾਰਤਾਂ ਜੋ ਕਿ ਇਤਿਹਾਸਕ ਇਮਾਰਤਾਂ ਦੇ ਨਾਲ ਨਾਲ ਜਾਣੀਆਂ ਜਾਂਦੀਆਂ ਸਨ, ਨੂੰ ਸਰਕਾਰ ਵਲੋਂ ਢਹਿ ਢੇਰੀ ਕਰਕੇ ਇਤਿਹਾਸ ਨੂੰ ਨਸ਼ਟ ਕੀਤਾ ਗਿਆ ਹੈ | ਜਿਸ ਦਾ ਉਹ ਡਟ ਕੇ ਵਿਰੋਧ ਕਰਨਗੇ | ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਸਿਵਲ ਹਸਪਤਾਲ ਦੀ ਨਵੀਂ ਇਮਾਰਤ ਦਾ ਨਕਸ਼ਾ ਪੁਰਾਣੇ ਢਾਂਚੇ ਨੂੰ ਬਚਾ ਕੇ ਅਤੇ ਢਹਿ ਚੁੱਕੇ ਹਿੱਸੇ ਨੂੰ ਮੁੜ ਉਸਾਰ ਕੇ ਇਮਾਰਤ ਦੀ ਪੁਰਾਣੀ ਦਿੱਖ ਨੂੰ ਬਹਾਲ ਰੱਖਿਆ ਜਾਵੇਗਾ ਤੇ ਜਿੱਥੋਂ ਤੱਕ ਪੁਰਾਣੀ ਇਮਾਰਤ ਵਿਚ ਲੱਗੇ ਨੀਂਹ ਪੱਥਰਾਂ ਦਾ ਸਵਾਲ ਹੈ, ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਸਾਂਭ ਸੰਭਾਲ ਯਕੀਨੀ ਬਣਾਈ ਜਾਵੇਗੀ | ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਅਮਰਜੀਤ ਸਿੰਘ ਵਿਰਕ, ਜੈਸਮੀਨ ਸੰਧਾਵਾਲੀਆ ਤੇ ਐਡਵੋਕੇਟ ਮਨੂੰ ਦੇਵ ਗੌਤਮ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਢਹਿ ਢੇਰੀ ਕਰਕੇ ਕਪੂਰਥਲਾ ਦੀਆਂ ਇਤਿਹਾਸਕ ਇਮਾਰਤਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਸਰਕਾਰ ਦੀ ਇਸ ਕਾਰਵਾਈ ਦਾ ਡਟ ਕੇ ਵਿਰੋਧ ਕਰਨਗੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਸਪਤਾਲ ਦੀਆਂ ਜਿਹੜੀਆਂ ਇਮਾਰਤਾਂ ਦੇ ਨਾਂਅ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਂਅ 'ਤੇ ਰੱਖੇ ਗਏ ਸਨ, ਨਵੀਂ ਇਮਾਰਤ ਵਿਚ ਵੀ ਉਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਂਅ 'ਤੇ ਹੀ ਇਮਾਰਤਾਂ ਬਣਾਈਆਂ ਜਾਣ |