ਭੁਲੱਥ, 19 ਮਈ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੇ ਦੋ ਨੌਜਵਾਨ ਸ਼ਰੇਆਮ ਹੈਰੋਇਨ ਦਾ ਸੇਵਨ ਕਰਦੇ ਕਾਬੂ ਕੀਤੇ ਗਏ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਦੋਂ ਪੁਲਿਸ ਪਾਰਟੀ ਏ.ਐਸ.ਆਈ. ਰਕੇਸ਼ ਕੁਮਾਰ ਸਮੇਤ ਕਰਮਚਾਰੀਆਂ ਦੇ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਸਥਿਤ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਵੱਲੋਂ ਇਤਲਾਹ ਮਿਲੀ ਕਿ ਦੋ ਨੌਜਵਾਨ ਸ਼ਰੇਆਮ ਖੱਸਣ ਰੋਡ ਨਜ਼ਦੀਕ ਸ਼ਮਸ਼ਾਨ ਘਾਟ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਦੇ ਕਮਰੇ ਪਿੱਛੇ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ | ਜਦੋਂ ਏ.ਐਸ.ਆਈ. ਰਕੇਸ਼ ਕੁਮਾਰ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤਾ ਗਿਆ ਤਾਂ ਦੋ ਨੌਜਵਾਨ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਸਨ | ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਮੰਗਲ ਸਿੰਘ ਉਰਫ਼ ਮੰਗਾ ਪੁੱਤਰ ਰਾਮ ਸਿੰਘ ਵਾਸੀ ਮਾਡਲ ਟਾਊਨ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਤੇ ਦੂਜੇ ਨੇ ਆਪਣਾ ਨਾਂਅ ਸੁਰਜੀਤ ਕੁਮਾਰ ਉਰਫ਼ ਬਈਆ ਪੁੱਤਰ ਮਿਥਲੇਸ ਠਾਕੁਰ ਵਾਸੀ ਮੁਰਾਰ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੱਸਿਆ, ਜਿਨ੍ਹਾਂ ਪਾਸੋਂ ਇੱਕ ਜਲਿਆ ਹੋਇਆ ਸਿਲਵਰ ਪੇਪਰ, ਦਸ ਰੁਪਏ ਦਾ ਪਾਈਪਨੁਮਾ ਨੋਟ ਤੇ ਇੱਕ ਲਾਈਟਰ ਬਰਾਮਦ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |