ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ)-ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿਖੇ ਨਸ਼ੇ ਦੇ ਕਾਰਨ ਇੱਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਹੋਈ ਦਰਦਨਾਕ ਮੌਤ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਸੀ | ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਜਿੱਥੇ ਹਰ ਪਾਸੇ ਦੁੱਖ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਸੀ, ਉੱਥੇ ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਰਹਿਣ ਵਾਲੇ ਉੱਘੇ ਖੇਡ ਪ੍ਰਮੋਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜੋਸਨ ਵੱਲੋਂ ਇਸ ਦੁਖੀ ਪਰਿਵਾਰ ਦੀ ਬਾਂਹ ਫੜਦੇ ਹੋਏ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਗਈ ਸੀ | ਇੰਦਰਜੀਤ ਸਿੰਘ ਜੋਸਨ ਵੱਲੋਂ ਉਸ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਪਰਿਵਾਰ ਨੂੰ ਇਕੱਲਾ ਨਹੀਂ ਛੱਡਣਗੇ ਅਤੇ ਹਰ ਮਹੀਨੇ ਘਰ ਦੇ ਜ਼ਰੂਰੀ ਖ਼ਰਚੇ, ਰਾਸ਼ਨ ਅਤੇ ਹੋਰ ਲੋੜਾਂ ਲਈ 5000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ | ਆਪਣੇ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਅੱਜ ਉਨ੍ਹਾਂ ਵੱਲੋਂ ਮਈ ਮਹੀਨੇ ਦੀ 5000 ਰੁਪਏ ਦੀ ਸਹਾਇਤਾ ਰਕਮ ਉਸ ਦੁਖੀ ਮਾਤਾ ਨੂੰ ਸੌਂਪੀ ਗਈ | ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਅਨੇਕਾਂ ਘਰ ਉਜਾੜ ਦਿੱਤੇ ਹਨ ਅਤੇ ਇਹ ਪਰਿਵਾਰ ਉਸ ਦਰਦ ਦੀ ਸਭ ਤੋਂ ਵੱਡੀ ਮਿਸਾਲ ਹੈ | ਉਨ੍ਹਾਂ ਕਿਹਾ ਕਿ ਇੱਕ ਮਾਂ ਵੱਲੋਂ ਆਪਣੇ ਪੰਜ ਪੁੱਤਰਾਂ ਨੂੰ ਗੁਆ ਦੇਣਾ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਸਗੋਂ ਪੂਰੇ ਸਮਾਜ ਦਾ ਦੁੱਖ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਹਰ ਸਮਾਜ ਸੇਵੀ ਅਤੇ ਹਰ ਜ਼ਿੰਮੇਵਾਰ ਵਿਅਕਤੀ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਪਰਿਵਾਰ ਦੇ ਨਾਲ ਡੱਟ ਕੇ ਖੜ੍ਹੇ ਰਹਿਣਗੇ ਅਤੇ ਹਰ ਸੰਭਵ ਸਹਾਇਤਾ ਜਾਰੀ ਰੱਖਣਗੇ ਤਾਂ ਜੋ ਇਸ ਦੁਖੀ ਮਾਤਾ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਪੰਜਾਬ ਸਰਕਾਰ ਅਤੇ ਸਮਾਜ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਵੱਡੀ ਲੜਾਈ ਲੜਨ ਦੀ ਲੋੜ ਹੈ ਤਾਂ ਜੋ ਹੋਰ ਕੋਈ ਮਾਂ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਨਾ ਗੁਆਵੇ | ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਸਮਾਜ ਸੇਵੀ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ | ਹਾਜ਼ਰ ਲੋਕਾਂ ਨੇ ਇੰਦਰਜੀਤ ਸਿੰਘ ਜੋਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸੇ ਦੁਖੀ ਪਰਿਵਾਰ ਦੇ ਨਾਲ ਖੜ੍ਹਨਾ ਸਭ ਤੋਂ ਵੱਡੀ ਮਨੁੱਖਤਾ ਹੈ | ਇਸ ਮਦਦ ਨਾਲ ਜਿੱਥੇ ਇੱਕ ਪਾਸੇ ਉਸ ਮਾਤਾ ਨੂੰ ਆਰਥਿਕ ਸਹਾਰਾ ਮਿਲਿਆ ਹੈ, ਉੱਥੇ ਹੀ ਸਮਾਜ ਵਿਚ ਇਹ ਸੰਦੇਸ਼ ਵੀ ਗਿਆ ਹੈ ਕਿ ਅਜੇ ਵੀ ਮਨੁੱਖਤਾ ਜਿੰਦਾ ਹੈ ਅਤੇ ਲੋਕ ਦੁੱਖ ਦੀ ਘੜੀ ਵਿਚ ਇੱਕ ਦੂਜੇ ਦੇ ਨਾਲ ਖੜ੍ਹਨਾ ਜਾਣਦੇ ਹਨ |