ਸੁਭਾਨਪੁਰ, 19 ਮਈ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਖਸ਼ੀਸ਼ ਸਿੰਘ ਸਮੇਤ ਪੁਲਿਸ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਪਹਾੜੀਪੁਰ ਦੇ ਨਜ਼ਦੀਕ ਪਹੁੰਚੀ ਤਾਂ ਮੁਖ਼ਬਰ ਖ਼ਾਸ ਨੇ ਏ .ਐਸ. ਆਈ. ਬਖਸ਼ੀਸ਼ ਸਿੰਘ ਨੂੰ ਦੱਸਿਆ ਕੇ ਲਖਬੀਰ ਸਿੰਘ ਉਰਫ਼ ਕਨੂੰ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਪਿੰਡ ਬੂਟ ਜੋ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਤੇ ਹੁਣ ਵੀ ਆਪਣੇ ਘਰ ਦੇ ਬਾਹਰ ਖੜ੍ਹਾ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ | ਅਗਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦਾ ਹੈ ਪੁਲਿਸ ਪਾਰਟੀ ਨੇ ਉਸੇ ਵੇਲੇ ਛਾਪੇਮਾਰੀ ਕਰਕੇ ਲਖਬੀਰ ਸਿੰਘ ਨੂੰ ਕਾਬੂ ਕਰ ਲਿਆ | ਜਿਸ ਦੇ ਕਬਜੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਉਕਤ ਕਥਿਤ ਦੋਸ਼ੀ ਦੇ ਖਿਲਾਫ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |