ਫਗਵਾੜਾ, 3 ਜੂਨ (ਅਸ਼ੋਕ ਕੁਮਾਰ ਵਾਲੀਆ)- ਗੜ੍ਹਸ਼ੰਕਰ ਤੋ ਲੋਹੀਆ ਸਤਲੁਜ ਦਰਿਆ ਵਿਚ ਪੈਂਦੀ ਫਗਵਾੜਾ ਲੰਘਦੀ ਸਦੀਆਂ ਪੁਰਾਣੀ ਚਿੱਟੀ ਵੇਈਂ ਦਾ ਪਾਣੀ ਕਿਸੇ ਵਕਤ ਪੀਣ ਯੋਗ ਹੁੰਦਾ ਸੀ ਅਤੇ ਰਾਹਗੀਰ ਆਪਣੀ ਪਿਆਸ ਇਸ ਵੇਈਂ ਦੇ ਪਾਣੀ ਪੀ ਕੇ ਬੁਝਾਉਂਦੇ ਸਨ ਤੇ ਉਪਜ ਲਈ ਵੀ ਇਹ ਪਾਣੀ ਕਾਫ਼ੀ ਲਾਹੇਵੰਦ ਸੀ ਹੁਣ ਫ਼ੈਕਟਰੀਆਂ ਦਾ ਪਾਣੀ ਇਸ ਵੇਈਂ ਵਿਚ ਪੈਣ ਨਾਲ ਇਹ ਵੇਈਂ ਕਾਲੀ ਵੇਈਂ ਨਾਲ ਮਸ਼ਹੂਰ ਹੋ ਗਈ ਹੈ, ਇਸ ਦਾ ਪਾਣੀ ਹੁਣ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਰਿਹਾ | ਜੇਕਰ ਪਸ਼ੂ ਇਸ ਵੇਈਂ ਦਾ ਪਾਣੀ ਪੀਂਦੇ ਹਨ ਤਾਂ ਉਹ ਬਿਮਾਰ ਹੋ ਜਾਂਦੇ ਹਨ | ਇਸ ਵੇਈਂ ਦਾ ਪਾਣੀ ਕਿਸਾਨ ਸਿੰਜਾਈ ਸਾਧਨਾ ਰਾਹੀ ਵਰਤਦੇ ਸਨ | ਸਰਕਾਰਾਂ ਦੀਆਂ ਮਾਰੀਆਂ ਨੀਤੀਆਂ ਕਰਕੇ ਇਸ ਚਿੱਟੀ ਵੇਈਂ ਦੀ ਸਾਂਭ ਸੰਭਾਲ ਨਹੀਂ ਹੋਈ | ਇਹ ਵੇਈਂ ਪਹਿਲਾ ਕਿਤੇ 100 ਫੁੱਟ ਚੌੜੀ ਸੀ ਤੇ ਕਿਤੇ 200 ਫੁੱਟ ਚੌੜੀ ਹੁੰਦੀ ਸੀ ਇਸ ਸਮੇਂ ਘੱਟ ਕੇ ਕਿਤੇ 10 ਫੁੱਟ ਚੌੜੀ ਹੈ ਕਿਤੇ 20 ਫੁੱਟ ਚੌੜੀ ਰਹਿ ਗਈ ਹੈ | ਜਿਸ ਕਾਰਨ ਬਰਸਾਤ ਦੇ ਸਮੇਂ ਵਿਚ ਵੇਈਾ ਦੀ ਸਾਫ਼ ਸਫ਼ਾਈ ਨਾ ਹੋਣ ਕਰਕੇ ਆਸ ਪਾਸ ਦੇ ਪਿੰਡਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ | ਇਸ ਵੇਈਂ ਦੀ ਮਾਹਿਰ ਹੇਠ ਫਗਵਾੜਾ ਹਲਕੇ ਦੇ ਪਿੰਡ ਰਾਵਲਪਿੰਡੀ, ਸੰਗਤਪੁਰ, ਲੱਖਪੁਰ, ਸਾਹਨੀ, ਸੀਕਰੀ, ਰਾਮਪੁਰ ਸੁੰਨੜਾ, ਬਬੇਲੀ, ਦੁੱਗਾ, ਭਾਖੜੀਆਣਾ, ਚਹੇੜੂ, ਮਹੇੜੂ ਆਦਿ ਪਿੰਡਾਂ ਨੂੰ ਬਰਸਾਤ ਸਮੇਂ ਨੁਕਸਾਨ ਝੱਲਣਾ ਪੈਦਾ ਹੈ ਜੋ ਫ਼ਸਲ ਨੂੰ 100 ਪ੍ਰਤੀਸ਼ਤ ਤਬਾਹ ਕਰ ਜਾਂਦਾ ਹੈ ਤੇ ਸਰਕਾਰ ਵੀ ਇਨ੍ਹਾਂ ਫ਼ਸਲਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੰਦੀ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ ਆਪਣਾ ਇਸ ਵੇਈਂ ਵੱਲ ਉਚੇਚਾ ਧਿਆਨ ਦੇ ਕੇ ਇਸ ਵੇਈਂ ਦੀ ਪੁਟਾਈ ਕਰਕੇ ਇਸ ਨੂੰ 200 ਫੁੱਟ ਚੌੜਾ ਕੀਤਾ ਜਾਵੇ ਤਾਂ ਜੋ ਬਰਸਾਤਾਂ ਸਮੇਂ ਫ਼ਸਲਾਂ ਦਾ ਨੁਕਸਾਨ ਨਾ ਹੋ ਸਕੇ | ਪਿੰਡਾਂ ਦੇ ਲੋਕਾਂ ਨੇ ਆਖਿਆ ਕਿ ਵੇਈਂ ਦੀ ਸਫ਼ਾਈ ਜੇਕਰ ਸਹੀ ਢੰਗ ਨਾਲ ਹੋਵੇ ਤਾਂ 12 ਮਹੀਨੇ ਵੇਈਂ ਵਿਚ ਪਾਣੀ ਰਹੇਗਾ ਜਿਸ ਨਾਲ ਮੱਛੀ ਪਾਲਣ ਦਾ ਧੰਦਾ ਇਸ ਵੇਈਂ ਵਿਚ ਵਧੀਆਂ ਢੰਗ ਨਾਲ ਚਲਾਇਆ ਜਾ ਸਕਦਾ ਹੈ ਸਰਕਾਰ ਨੂੰ ਵੀ ਇਸ ਤੋਂ ਆਮਦਨ ਹੋਵੇਗੀ ਅਤੇ ਪਾਣੀ ਦੀ ਸਾਫ਼ ਸੁਥਰਾ ਰਹੇਗਾ, ਇਸ ਨਾਲ ਹੇਠਲੇ ਪਾਣੀ ਦੀ ਉਪਜ ਨੂੰ ਵੀ ਬਹਾਲ ਰੱਖਿਆ ਜਾਂ ਸਕਦਾ ਹੈ| ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਵੇਈਂ ਵੱਲ ਉਚੇਚਾ ਧਿਆਨ ਦੇਵੇ |