01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਡੈਲੀਗੇਟ ਇਜਲਾਸ ਹੋਇਆ

ਅਜੀਤ ਡੈਸਕ 04-06-2026
ਕਪੂਰਥਲਾ, 3 ਜੂਨ (ਅਮਰਜੀਤ ਕੋਮਲ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਦਾ ਡੈਲੀਗੇਟ ਇਜਲਾਸ ਪਿੰਡ ਜਵਾਲਾਪੁਰ ਵਿਚ ਹੋਇਆ, ਜਿਸ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਉਚੇਚੇ ਤੌਰ ‘ਤੇ ਸ਼ਾਮਲ ਹੋਏ | ਇਜਲਾਸ ਦੀ ਆਰੰਭਤਾ ਮੌਕੇ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ ਤੇ ਬਾਅਦ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ| ਇਜਲਾਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭੁੱਲਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇੱਕਜੁੱਟ ਹੋ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ | ਉਪਰੰਤ ਯੂਨੀਅਨ ਦੀ ਪੁਰਾਣੀ ਕਮੇਟੀ ਭੰਗ ਕਰਕੇ ਹੰਸਾ ਸਿੰਘ ਮੁੰਡੀ, ਬਲਬੀਰ ਸਿੰਘ ਧਾਲੀਵਾਲ ਤੇ ਆਸ਼ਾ ਰਾਣੀ ਸਮੇਤ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਹੋਏ ਇਸ ਇਜਲਾਸ ਵਿਚ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਯੂਨੀਅਨ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ| ਡੈਲੀਗੇਟਾਂ ਵਲੋਂ ਦਿੱਤੇ ਗਏ ਸੁਝਾਅ ਤੋਂ ਬਾਅਦ ਇਸ ਰਿਪੋਰਟ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ | ਇਜਲਾਸ ਦੇ ਦੂਜੇ ਪੜਾਅ ਵਿਚ 13 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਪੈਨਲ ਯੂਨੀਅਨ ਆਗੂ ਕਸ਼ਮੀਰਾ ਸਿੰਘ ਭੰਡਾਲ ਨੇ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਡੈਲੀਗੇਟਾਂ ਵਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ | ਬਾਅਦ ਵਿਚ ਜ਼ਿਲ੍ਹਾ ਕਮੇਟੀ ਨੇ ਹੰਸਾ ਸਿੰਘ ਮੁੰਡੀ ਨੂੰ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦਾ ਸਰਪ੍ਰਸਤ, ਅਮਰਜੀਤ ਸਿੰਘ ਜਵਾਲਾਪੁਰ ਨੂੰ ਮੁੜ ਪ੍ਰਧਾਨ, ਨਿਰਮਲ ਸਿੰਘ ਸ਼ੇਰਪੁਰ ਸੱਧਾ ਨੂੰ ਸਕੱਤਰ, ਮਨਦੀਪ ਕੌਰ ਵਿਲਾ ਕੋਠੀ ਨੂੰ ਖ਼ਜ਼ਾਨਚੀ, ਕੁਲਦੀਪ ਕੌਰ ਉੱਚਾ ਬੋਹੜ ਵਾਲਾ ਨੂੰ ਮੀਤ ਪ੍ਰਧਾਨ, ਕਸ਼ਮੀਰਾ ਸਿੰਘ ਭੰਡਾਲ ਦੋਨਾ ਨੂੰ ਪ੍ਰੈੱਸ ਸਕੱਤਰ ਤੇ ਗੁਰਦੀਪ ਸਿੰਘ ਨਬੀਪੁਰ, ਬਲਬੀਰ ਸਿੰਘ ਧਾਲੀਵਾਲ, ਪ੍ਰਵੀਨ ਵਿਲਾ ਕੋਠੀ, ਸੁਰਜੀਤ ਕੌਰ ਡਡਵਿੰਡੀ, ਬਿੰਦਰ ਰਾਮਪੁਰ ਜਗੀਰ, ਆਸ਼ਾ ਰਾਣੀ ਤੇ ਜੱਗਾ ਸਿੰਘ ਬੂਹ ਨੂੰ ਜ਼ਿਲ੍ਹਾ ਕਮੇਟੀ ਦਾ ਮੈਂਬਰ ਚੁਣਿਆ ਗਿਆ | ਇਸ ਨਵਨਿਯੁਕਤ ਕਮੇਟੀ ਦੇ ਮੈਂਬਰਾਂ ਦੀ ਸੂਬਾ ਪੱਧਰੀ ਡੈਲੀਗੇਟ ਇਜਲਾਸ ਲਈ ਵੀ ਚੋਣ ਕੀਤੀ ਗਈ | ਇਜਲਾਸ ਨੂੰ ਸੰਬੋਧਨ ਕਰਦਿਆਂ ਤਰਸੇਮ ਪੀਟਰ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਮੀਨ ਦੇ ਸਵਾਲ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ | ਉਨ੍ਹਾਂ ਕਿਹਾ ਕਿ ਖੇਤੀ, ਸਨਅਤਾਂ, ਉਸਾਰੀ ਆਦਿ ਖੇਤਰਾਂ ਵਿਚ ਮੌਜੂਦਾ ਸਿਸਟਮ, ਮਜ਼ਦੂਰਾਂ ਦਾ ਸ਼ੋਸ਼ਣ ਕਰ ਰਿਹਾ ਹੈ ਤੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਉਨ੍ਹਾਂ ਦੀ ਹੋਰ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ | ਤਰਸੇਮ ਪੀਟਰ ਨੇ ਕਿਹਾ ਕਿ ਨਾ ਤਾਂ ਮਜ਼ਦੂਰਾਂ ਨੂੰ ਯੋਗਤਾ ਅਨੁਸਾਰ ਕੰਮ ਮਿਲਦਾ ਹੈ ਅਤੇ ਨਾ ਹੀ ਲੋੜ ਅਨੁਸਾਰ ਤਨਖ਼ਾਹ | ਯੂਨੀਅਨ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਉਨ੍ਹਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਉਨ੍ਹਾਂ ‘ਤੇ ਜਬਰ ਢਾਹ ਰਹੀ ਹੈ | ਡੈਲੀਗੇਟ ਦੀ ਸਮਾਪਤੀ ‘ਤੇ ਯੂਨੀਅਨ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਇੱਕਜੁੱਟ ਹੋਣ ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨ | ਯੂਨੀਅਨ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਪੰਚਾਇਤੀ ਜ਼ਮੀਨ ਦੇ ਠੇਕੇ ਦੀ ਰਕਮ ਵਿਚੋਂ 20 ਪ੍ਰਤੀਸ਼ਤ ਵਾਧਾ ਵਾਪਸ ਲੈਣ, ਸਹਿਕਾਰੀ ਸਭਾਵਾਂ ਦੇ ਕਰਜ਼ੇ ਦੇ ਨੋਟਿਸ ਭੇਜਣੇ ਬੰਦ ਕੀਤੇ ਜਾਣ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਿੰਡਾਂ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤ ਪਰਿਵਾਰਾਂ ਨੂੰ ਘੱਟ ਰਕਮ ‘ਤੇ ਦਿੱਤੀ ਜਾਵੇ ਤੇ ਉਸ ਜ਼ਮੀਨ ਵਿਚੋਂ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਵੀ ਦੇਣ ਦੀ ਮੰਗ ਕੀਤੀ ਗਈ |
ਪਿਛਲੀ ਖ਼ਬਰ ਚਿੱਟੀ ਵੇਈਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ ਭਾਰੀ ਨੁਕਸਾਨ ਅਗਲੀ ਖ਼ਬਰ ਰਾਜਪੁਰਾ 'ਚ ਐੱਲ.ਈ.ਡੀ. ਮੁਰੰਮਤ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।