ਸੁਲਤਾਨਪੁਰ ਲੋਧੀ, 4 ਜੂਨ (ਨਰੇਸ਼ ਹੈਪੀ)-ਲੋਕ ਸੇਵਾ ਨੂੰ ਆਪਣਾ ਧਰਮ ਮੰਨਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ ਵੱਲੋਂ ਬਾਬਾ ਜਵਾਲਾ ਸਿੰਘ ਨਗਰ ਵਿਖੇ ਸੰਗਤਾਂ ਅਤੇ ਮਹੱਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਖੇਡ ਗਰਾਊਾਡ ਨਾਲ ਸਬੰਧਿਤ ਕਮਰੇ ਦੇ ਬਰਾਂਡੇ ਵਿਚ ਪੱਖੇ ਲਗਵਾਉਣ ਅਤੇ ਸੁਰੱਖਿਆ ਲਈ ਮਜ਼ਬੂਤ ਗੇਟ ਲਗਵਾਉਣ ਦੀ ਸੇਵਾ ਕੀਤੀ ਗਈ | ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਇਲਾਕੇ ਦੇ ਨੌਜਵਾਨਾਂ, ਖਿਡਾਰੀਆਂ ਅਤੇ ਸੰਗਤਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਖੇਡ ਗਰਾਊਾਡ ਨਾਲ ਬਣੇ ਕਮਰੇ ਅਤੇ ਬਰਾਂਡੇ ਵਿਚ ਪੱਖੇ ਲਗਾਏ ਜਾਣ ਤਾਂ ਜੋ ਗਰਮੀ ਦੇ ਮੌਸਮ ਵਿਚ ਇੱਥੇ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਤੋਂ ਪਹਿਲਾਂ ਸੁਰੱਖਿਆ ਦੇ ਪੱਖ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਸੀ | ਇਸੇ ਕਰਕੇ ਸਭ ਤੋਂ ਪਹਿਲਾਂ ਉੱਥੇ ਗੇਟ ਲਗਾਇਆ ਗਿਆ ਤਾਂ ਜੋ ਲਗਾਈ ਜਾਣ ਵਾਲੀ ਸਹੂਲਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਚੋਰੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਗੇਟ ਲੱਗਣ ਉਪਰੰਤ ਮਹੱਲਾ ਵਾਸੀਆਂ ਦੀ ਲੋੜ ਅਨੁਸਾਰ ਬਰਾਂਡੇ ਵਿਚ ਪੱਖੇ ਵੀ ਲਗਵਾ ਦਿੱਤੇ ਗਏ ਹਨ, ਜਿਸ ਨਾਲ ਹੁਣ ਖਿਡਾਰੀਆਂ, ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੁਲਤਾਨਪੁਰ ਲੋਧੀ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ ਅਤੇ ਅੱਗੇ ਵੀ ਇਲਾਕੇ ਦੇ ਵਿਕਾਸ, ਨੌਜਵਾਨਾਂ ਦੀ ਤਰੱਕੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਰਹੇਗਾ | ਇਸ ਉਪਰਾਲੇ ਲਈ ਮੁਹੱਲਾ ਵਾਸੀਆਂ ਅਤੇ ਸੰਗਤਾਂ ਨੇ ਇੰਦਰਜੀਤ ਸਿੰਘ ਜੋਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾ ਇਲਾਕੇ ਦੇ ਲੋਕਾਂ ਲਈ ਇੱਕ ਯਾਦਗਾਰੀ ਤੋਹਫ਼ਾ ਹੈ, ਜਿਸ ਨਾਲ ਨਾ ਸਿਰਫ਼ ਸਹੂਲਤਾਂ ਵਿਚ ਵਾਧਾ ਹੋਇਆ ਹੈ, ਸਗੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹ ਵੀ ਮਿਲੇਗਾ |