ਕਪੂਰਥਲਾ, 4 ਜੂਨ (ਅਮਰਜੀਤ ਸਿੰਘ ਸਡਾਨਾ)-ਰਿਆਸਤੀ ਇਮਾਰਤ ਮੋਰਿਸ ਮਸਜਿਦ ਨੂੰ ਲੈ ਕੇ ਸਭਿਆਚਾਰਕ ਅਤੇ ਪੁਰਾਤਤਵ ਵਿਭਾਗ ਦਾ ਅਵੇਸਲਾਪਣ ਜੱਗ ਜ਼ਾਹਿਰ ਹੋ ਗਿਆ ਹੈ ਤੇ ਮਸਜਿਦ ਦੀ ਦੇਖ ਭਾਲ ਦੇ ਨਾਲ ਨਾਲ ਗੋਲ ਕੋਠੀ ਦਾ ਪ੍ਰਬੰਧ ਵੀ ਸਿਰਫ਼ ਇਕ ਪੰਪ ਆਪ੍ਰੇਟਰ ਦੇ ਸਹਾਰੇ ਚੱਲ ਰਿਹਾ ਹੈ | ਵਿਭਾਗ ਦੇ ਧਿਆਨ ਵਿਚ ਸਾਰਾ ਮਾਮਲਾ ਆਉਣ ਦੇ ਬਾਵਜੂਦ ਵੀ ਗੋਂਗਲੂਆਂ ਤੋਂ ਮਿੱਟੀ ਝਾੜਣ ਲਈ ਸੁਲਤਾਨਪੁਰ ਲੋਧੀ ਵਿਖੇ ਬਦਲੇ ਗਏ ਚੌਂਕੀਦਾਰ ਨੂੰ ਸਿਰਫ਼ ਇਕ ਦਿਨ ਲਈ ਮੋਰਿਸ ਮਸਜਿਦ ਵਿਖੇ ਜ਼ੁਬਾਨੀ ਹੁਕਮਾਂ ਤਹਿਤ ਡਿਊਟੀ 'ਤੇ ਭੇਜਿਆ ਗਿਆ, ਪਰ ਮੁੜ ਉਸ ਦੀ ਡਿਊਟੀ ਸੁਲਤਾਨਪੁਰ ਲੋਧੀ ਵਿਖੇ ਹੀ ਲਗਾ ਦਿੱਤੀ ਗਈ | ਇਸ ਘਟਨਾਕ੍ਰਮ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਸਭਿਆਚਾਰਕ ਅਤੇ ਪੁਰਾਤਤਵ ਵਿਭਾਗ ਦੇ ਨਾਲ ਨਾਲ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦਾ ਇਕ ਵਫ਼ਦ ਅੱਜ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮਿਲਿਆ ਤੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਸਲਿਮ ਆਗੂ ਯਾਕੂਬ ਅਲੀ, ਦੀਨ ਮੁਹੰਮਦ, ਮੁਹੰਮਦ ਸ਼ਰੀਫ਼, ਕਮਾਲਦੀਨ, ਅਨਵਰ ਖ਼ਾਨ ਕਾਦੂਪੁਰ, ਕਰਮਦੀਨ, ਮੁਹੰਮਦ ਸ਼ਫ਼ੀ, ਰਮਜ਼ਾਨ ਅਲੀ ਆਦਿ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਸਮੇਂ ਮੋਰਿਸ ਮਸਜਿਦ ਦੀ ਦੇਖ ਭਾਲ ਲਈ ਸਿਰਫ਼ ਇਕ ਪੰਪ ਆਪ੍ਰੇਟਰ ਸੁਖਜੀਤ ਸਿੰਘ ਹੀ ਸੇਵਾਵਾਂ ਦੇ ਰਿਹਾ ਹੈ ਤੇ ਉਸ ਦਾ ਸਮਾਂ ਵੀ ਸਵੇਰੇ 9 ਤੋਂ 5 ਵਜੇ ਤੱਕ ਹੈ, ਜਦਕਿ ਮੁਸਲਿਮ ਭਾਈਚਾਰੇ ਦੀਆਂ 5 ਵਕਤ ਦੀਆਂ ਨਮਾਜ਼ਾਂ ਰਾਤ ਸਾਢੇ 9 ਵਜੇ ਤੱਕ ਅਦਾ ਕਰਨੀਆਂ ਹੁੰਦੀਆਂ ਹਨ | ਜਿਸ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਸਲਿਮ ਆਗੂਆਂ ਨੇ ਕਿਹਾ ਕਿ ਭਾਵੇਂ ਮੌਜੂਦਾ ਕਰਮਚਾਰੀ ਸੁਖਜੀਤ ਸਿੰਘ ਉਨ੍ਹਾਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ, ਪਰ ਉਸ ਲਈ ਵੀ 24 ਘੰਟੇ ਡਿਊਟੀ 'ਤੇ ਹਾਜ਼ਰ ਰਹਿਣਾ ਸੰਭਵ ਨਹੀਂ ਹੈ, ਕਿਉਂਕਿ ਕੁੱਝ ਦਿਨ ਪਹਿਲਾਂ ਸਾਥੀ ਕਰਮਚਾਰੀ ਸ਼ੌਕਤ ਅਲੀ ਦੀ ਸੇਵਾ ਮੁਕਤੀ ਹੋ ਚੁੱਕੀ ਹੈ ਤੇ ਹੁਣ ਮਸਜਿਦ ਦੀ ਦੇਖ ਭਾਲ ਲਈ ਨਾ ਕੋਈ ਕੇਅਰ ਟੇਕਰ ਹੈ, ਨਾ ਚੌਂਕੀਦਾਰ ਹੈ ਤੇ ਨਾ ਹੀ ਕੋਈ ਸਫ਼ਾਈ ਸੇਵਕ ਹੈ | ਮੁਸਲਿਮ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮਸਜਿਦ ਵਿਖੇ ਉਨ੍ਹਾਂ ਦਾ ਧਾਰਮਿਕ ਸਾਹਿਤ ਅਤੇ ਰਿਆਸਤ ਨਾਲ ਸਬੰਧਿਤ ਜ਼ਰੂਰੀ ਕੀਮਤੀ ਸਮਾਨ ਵੀ ਪਿਆ ਹੈ ਤੇ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮੁਲਾਜ਼ਮਾਂ ਦੀ ਘਾਟ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਵਿਚ ਮਦਦਗਾਰ ਸਾਬਿਤ ਨਾ ਹੋ ਜਾਵੇ | ਉਨ੍ਹਾਂ ਮੰਗ ਕੀਤੀ ਕਿ ਮਸਜਿਦ ਵਿਚ ਤੁਰੰਤ ਚੌਂਕੀਦਾਰ, ਸਫ਼ਾਈ ਸੇਵਕ ਅਤੇ ਕੇਅਰ ਟੇਕਰ ਦੀ ਨਿਯੁਕਤੀ ਕੀਤੀ ਜਾਵੇ ਤੇ ਜੇਕਰ ਪ੍ਰਸ਼ਾਸਨ ਅਜਿਹਾ ਨਹੀਂ ਕਰ ਸਕਦਾ ਤਾਂ ਮਸਜਿਦ ਦੇ ਧਾਰਮਿਕ ਮਾਮਲੇ ਦੇਖ ਰਹੀ ਇੰਤਜ਼ਾਮੀਆਂ ਕਮੇਟੀ ਦੇ ਜ਼ਿੰਮੇਵਾਰ ਨੁਮਾਇੰਦਿਆਂ ਨੂੰ ਮਸਜਿਦ ਦੀ ਦੇਖ ਭਾਲ ਅਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਜੋ ਉਹ ਸਮੇਂ ਸਿਰ ਆਪਣੀ ਨਮਾਜ਼ ਅਦਾ ਕਰਕੇ ਖੁਦਾ ਦੀ ਇਬਾਦਤ ਕਰ ਸਕਣ |