ਕਪੂਰਥਲਾ, 6 ਜੂਨ (ਵਿਸ਼ੇਸ਼ ਪ੍ਰਤੀਨਿਧ)-ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਦੇ ਵਿਦਿਆਰਥੀਆਂ ਦੇ ਸਟਾਫ਼ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਦੀ ਬਰਸੀ ਨੂੰ ਸਮਰਪਿਤ ਸਕੂਲ ਵਿਚ ਛਬੀਲ ਲਗਾਈ | ਸਕੂਲ ਦੇ ਡਾਇਰੈਕਟਰ ਇੰਜ. ਗੁਰਬਿੰਦਰ ਸਿੰਘ, ਸਕੱਤਰ ਰਾਜਬੀਰ ਕੌਰ ਤੇ ਪਿ੍ੰਸੀਪਲ ਸਪਨਾ ਚੱਢਾ ਨੇ ਛਬੀਲ ਦੀ ਸ਼ੁਰੂਆਤ 'ਤੇ ਅਰਦਾਸ ਕੀਤੀ ਤੇ ਬਾਅਦ ਵਿਚ ਰਾਹਗੀਰਾਂ ਨੂੰ ਠੰਡਾ ਜਲ ਪਿਲਾਕੇ ਉਨ੍ਹਾਂ ਦੀ ਸੇਵਾ ਕੀਤੀ | ਇੰਜ. ਗੁਰਬਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਨੂੰ ਸੱਚ, ਸਬਰ, ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੰਦੀ ਹੈ | ਜਦਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜੀਵਨ ਨਿਸ਼ਕਾਮ ਸੇਵਾ, ਸਿਮਰਨ ਅਤੇ ਪਰ-ਉਪਕਾਰ ਦਾ ਜੀਵੰਤ ਸੰਦੇਸ਼ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਛਬੀਲ ਲਗਾਉਣ ਦੀ ਸੇਵਾ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹਰੇਕ ਵਿਅਕਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਨੁੱਖਤਾ ਦੀ ਸੇਵਾ ਲਈ ਅੱਗੇ ਆਵੇ ਤਾਂ ਸਮਾਜ ਵਿਚ ਪਿਆਰ, ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਹੋਰ ਮਜ਼ਬੂਤ ਹੋ ਸਕਦਾ ਹੈ | ਇੰਜ. ਗੁਰਬਿੰਦਰ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖੇ ਜਾਣਗੇ | ਰਾਹਗੀਰਾਂ ਨੇ ਛਬੀਲ ਦਾ ਠੰਡਾ ਮਿੱਠਾ ਪਾਣੀ ਪੀ ਕੇ ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਛਬੀਲ ਵਰਤਾਉਣ ਦੀ ਸੇਵਾ ਸਵੇਰੇ 11 ਵਜੇ ਤੋਂ ਆਰੰਭ ਹੋ ਕੇ ਦੁਪਹਿਰ ਤੱਕ ਨਿਰੰਤਰ ਜਾਰੀ ਰਾਹੀ |