ਕਪੂਰਥਲਾ, 9 ਜੂਨ (ਸਡਾਨਾ)-ਥਾਣਾ ਸਿਟੀ ਤੇ ਸਦਰ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਦੋ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਬਲਦੇਵ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਭਜਨ ਸਿੰਘ ਵਾਸੀ ਮਹਿਤਾਬਗੜ੍ਹ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ਜਿਸ 'ਤੇ ਪੁਲਿਸ ਨੇ ਦੱਸੀ ਜਗ੍ਹਾ 'ਤੇ ਛਾਪੇਮਾਰੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਉਸ ਦੇ ਕਬਜੇ ਵਿਚੋਂ 9 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਤੇ ਉਸ ਵਿਰੁੱਧ ਥਾਣਾ ਸਿਟੀ ਵਿਖੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੂਸਰੇ ਮਾਮਲੇ ਤਹਿਤ ਥਾਣਾ ਸਦਰ ਦੇ ਹਵਾਲਦਾਰ ਅੰਮਿ੍ਤਪਾਲ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕਥਿਤ ਦੋਸ਼ੀ ਗੁਰਮੀਤ ਸਿੰਘ ਵਾਸੀ ਕਾਲਾ ਸੰਘਿਆਂ ਨਜਾਇਜ਼ ਸ਼ਰਾਬ ਵੇਚਦਾ ਹੈ, ਜੋ ਕਿ ਹੁਣ ਵੀ ਪਿੰਡ ਧੰਦਲ ਤੋਂ ਰਜ਼ਾਪੁਰ ਵੱਲ ਨੂੰ ਮੋਟਰਸਾਈਕਲ 'ਤੇ ਸ਼ਰਾਬ ਵੇਚਣ ਲਈ ਆ ਰਿਹਾ ਹੈ, ਜਿਸ 'ਤੇ ਪੁਲਿਸ ਨੇ ਰਜ਼ਾਪੁਰ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਕਥਿਤ ਦੋਸ਼ੀ ਗੁਰਮੀਤ ਸਿੰਘ ਨੂੰ ਕਾਬੂ ਕਰਨ ਉਪਰੰਤ ਉਸ ਪਾਸੋਂ 7 ਬੋਤਲਾਂ ਸ਼ਰਾਬ ਬਰਾਮਦ ਕੀਤੀ ਤੇ ਉਸ ਵਿਰੁੱਧ ਥਾਣਾ ਸਦਰ ਵਿਖੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |