30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੀਵਰੇਜ ਦਾ ਗੰਦਾ ਪਾਣੀ ਘਰ 'ਚ ਦਾਖਲ, ਪਰਿਵਾਰ ਦਾ ਰਹਿਣਾ ਹੋਇਆ ਮੁਸ਼ਕਿਲ, ਬਿਮਾਰੀਆਂ ਫੈਲਣ ਦਾ ਬਣਿਆ ਖ਼ਤਰਾ

ਅਜੀਤ ਡੈਸਕ 10-06-2026
ਭੁਲੱਥ, 9 ਜੂਨ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਚ ਸੀਵਰੇਜ ਦੀ ਠੱਪ ਨਿਕਾਸੀ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ | ਸੀਵਰੇਜ ਦੀ ਨਿਕਾਸੀ ਠੱਪ ਹੋਣ ਕਾਰਨ ਮੁਹੱਲੇ ਦੇ ਇਕ ਪਰਿਵਾਰ ਦੇ ਘਰ ਵਿਚ ਗੰਦਾ ਪਾਣੀ ਦਾਖਲ ਹੋ ਗਿਆ, ਜਿਸ ਨਾਲ ਪਰਿਵਾਰ ਦਾ ਆਪਣੇ ਹੀ ਘਰ ਵਿਚ ਰਹਿਣਾ ਔਖਾ ਹੋ ਗਿਆ ਹੈ | ਪੀੜਤ ਪਰਿਵਾਰ ਦੀ ਮੈਂਬਰ ਰਜਨੀ ਪਤਨੀ ਰਮਨ ਕੁਮਾਰ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਤੋਂ ਤਿੰਨ ਹਫ਼ਤਿਆਂ ਤੋਂ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਘਰ ਅੰਦਰ ਭਰ ਰਿਹਾ ਹੈ | ਘਰ ਵਿਚ ਗੰਦਗੀ ਅਤੇ ਬਦਬੂ ਕਾਰਨ ਸਿਹਤ ਸੰਬੰਧੀ ਖ਼ਤਰੇ ਵੀ ਵੱਧ ਗਏ ਹਨ | ਉਨ੍ਹਾਂ ਦੱਸਿਆ ਕਿ ਸਮੱਸਿਆ ਸਬੰਧੀ ਕਈ ਵਾਰ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ, ਉਨ੍ਹਾਂ ਵੱਲੋਂ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ | ਮੁਹੱਲਾ ਨਿਵਾਸੀਆਂ ਨੇ ਵੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੀਵਰੇਜ ਪ੍ਰਬੰਧ ਦੀ ਖ਼ਰਾਬ ਹਾਲਤ ਕਾਰਨ ਪੂਰਾ ਮੁਹੱਲਾ ਪ੍ਰਭਾਵਿਤ ਹੋ ਰਿਹਾ ਹੈ | ਗਲੀਆਂ ਵਿਚ ਹਰ ਸਮੇਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਲੰਘਣ ਵਿਚ ਵੀ ਦਿੱਕਤਾਂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਇਸ ਮੁਹੱਲੇ ਦੀ ਪਰੇਸ਼ਾਨੀ ਵੱਲ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਸਾਡੀ ਕੋਈ ਸੁਣਵਾਈ ਹੋ ਰਹੀ ਹੈ | ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਭੁਲੱਥ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਸਮੱਸਿਆ ਦਾ ਤੁਰੰਤ ਹੱਲ ਕਰਕੇ ਰਾਹਤ ਦਿੱਤੀ ਜਾਵੇ | ਘਰ ਵਿਚ ਗੰਦਾ ਪਾਣੀ ਦਾਖਲ ਹੋ ਜਾਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਡੀ.ਐਮ. ਭੁਲੱਥ ਰੁਪਿੰਦਰ ਪਾਲ ਸਿੰਘ ਨੇ ਮੌਕੇ ਦਾ ਦੌਰਾ ਕੀਤਾ | ਉਨ੍ਹਾਂ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਪੂਰੇ ਮੁਹੱਲੇ ਦਾ ਦੌਰਾ ਵੀ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਪਾਰ ਮੰਡਲ ਭੁਲੱਥ ਦੇ ਚੇਅਰਮੈਨ ਲਕਸ਼ ਚੌਧਰੀ ਅਤੇ ਨਗਰ ਪੰਚਾਇਤ ਦੇ ਕਰਮਚਾਰੀ ਵੀ ਮੌਜੂਦ ਸਨ | ਐੱਸ.ਡੀ.ਐਮ. ਨੇ ਜਦੋਂ ਦੇਖਿਆ ਕਿ ਘਰ ਅੰਦਰ ਸੀਵਰੇਜ ਦਾ ਗੰਦਾ ਪਾਣੀ ਭਰਨ ਕਾਰਨ ਪਰਿਵਾਰ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਮੁਹੱਲੇ ਵਿਚ ਮੱਖੀ-ਮੱਛਰ ਦੀ ਭਰਮਾਰ ਹੈ, ਤਾਂ ਉਨ੍ਹਾਂ ਤੁਰੰਤ ਨਗਰ ਪੰਚਾਇਤ ਨੂੰ ਦਵਾਈ ਦਾ ਛਿੜਕਾਅ ਕਰਵਾਉਣ ਦੇ ਨਿਰਦੇਸ਼ ਦਿੱਤੇ | ਇਸ ਦੌਰਾਨ ਸੀਵਰੇਜ ਬੋਰਡ ਤੁਰੰਤ ਪ੍ਰਭਾਵ ਨਾਲ ਸਫ਼ਾਈ ਕਰਦਾ ਨਜ਼ਰ ਆਇਆ ਅਤੇ ਨਿਕਾਸੀ ਚਾਲੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਰ-ਪੰਜ ਦਿਨਾਂ ਦੇ ਅੰਦਰ ਪ੍ਰਭਾਵਿਤ ਘਰ ਵਿਚੋਂ ਗੰਦਾ ਪਾਣੀ ਕੱਢਣ ਅਤੇ ਮੁਹੱਲੇ ਦੀ ਸੀਵਰੇਜ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੇ ਸਖ਼ਤ ਹੁਕਮ ਵੀ ਜਾਰੀ ਕੀਤੇ | ਐੱਸ.ਡੀ.ਐਮ. ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਪ੍ਰਭਾਵਿਤ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੀਵਰੇਜ ਨਿਕਾਸੀ ਦੀ ਸਮੱਸਿਆ ਦਾ ਜਲਦੀ ਹੱਲ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ | ਐੱਸ.ਡੀ.ਐਮ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਮੁਹੱਲਾ ਨਿਵਾਸੀਆਂ ਵੱਲੋਂ ਵੀ ਰਾਹਤ ਮਹਿਸੂਸ ਕੀਤੀ ਗਈ |

ਪਿਛਲੀ ਖ਼ਬਰ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਖੰਟ ਵਿਖੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਅਗਲੀ ਖ਼ਬਰ ਚੱਕ ਹਕੀਮ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।