ਖਾਲੜਾ, 13 ਜੂਨ (ਜੱਜਪਾਲ ਸਿੰਘ ਜੱਜ)-ਪਿੰਡ ਖਾਲੜਾ ਦੀ ਕਰੀਬ ਸੱਤ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵਲੋਂ ਕੇਬਲ ਤਾਰਾਂ ਵੱਢ ਕੇ ਲੈ ਜਾਣ ਦੀ ਖਬਰ ਹੈ। ਕਿਸਾਨ ਗੁਰਭੇਜ ਸਿੰਘ, ਫਤਿਹ ਸਿੰਘ, ਜਗਜੀਤ ਸਿੰਘ ,ਗੁਰਬੀਰ ਸਿੰਘ, ਗੋਪਾਲ ਸਿੰਘ, ਵਿਸਾਖਾ ਸਿੰਘ ਅਰਸ਼ਦੀਪ ਸਿੰਘ, ਰਣਜੀਤ ਸਿੰਘ ਰਾਣਾ, ਜੈਮਲ ਸੰਧੂ, ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਰਲੇ ਦੋ ਦਿਨਾਂ ਤੋਂ ਦੇਰ ਸ਼ਾਮੀ ਆ ਰਹੇ ਤੇਜ਼ ਹਨੇਰੀ ਤੂਫਾਨ ਦਾ ਫਾਇਦਾ ਉਠਾਉਂਦਿਆਂ ਚੋਰਾਂ ਵਲੋਂ 12 ਅਤੇ 13 ਜੂਨ ਦੀ ਦਰਮਿਆਨੀ ਰਾਤ ਨੂੰ ਸੱਤ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਲਈਆਂ ਗਈਆਂ । ਉਕਤ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮੋਟਰ ਤੇ ਕਰੀਬ 3000 ਰੁਪਏ ਦੀ ਕੇਬਲ ਤਾਰ ਪੈਂਦੀ ਹੈ ਅਤੇ ਇਸ ਸੀਜ਼ਨ ਵਿਚ ਚੋਰਾਂ ਵੱਲੋਂ ਤੀਜੀ ਵਾਰ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਅੱਪਰਬਾਰੀ ਦੁਆਬ ਨਹਿਰ ਤੋਂ ਪਾਰ ਪਿੰਡ ਖਾਲੜਾ ਦੇ ਰਕਬੇ ਵਿਚੋਂ ਕਰੀਬ 10- 12 ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸਰਹੱਦੀ ਏਰੀਆ ਹੋਣ ਕਾਰਨ ਉਹ ਰਾਤ ਵੇਲੇ ਆਪਣੀਆਂ ਮੋਟਰਾਂ ‘ਤੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਬੀ.ਐੱਸ.ਐਫ ਅਤੇ ਪੰਜਾਬ ਪੁਲਿਸ ਰੋਕਦੀ ਹੈ, ਅਤੇ ਇਸੇ ਚੀਜ਼ ਦਾ ਚੋਰ ਫਾਇਦਾ ਉਠਾਉਂਦਿਆਂ ਉਹਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਕੇ ਲੈ ਗਏ ਹਨ। ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਕਹੀ ਕੱਢ ਕੇ ਉਸ ਨਾਲ ਹੀ ਕੇਬਲ ਤਾਰ ਵੱਢ ਲਈ ਅਤੇ ਜਾਂਦੀ ਵਾਰ ਕਹੀ ਵੀ ਨਾਲ ਹੀ ਚੋਰ ਲੈ ਗਏ। ਉਕਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਚੋਰਾਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੇ ਪੱਧਰ ‘ਤੇ ਵੀ ਚੋਰਾਂ ਦੀ ਭਾਲ ਕਰ ਰਹੇ ਹਨ ਅਤੇ ਉਹਨਾਂ ਖਾਸ ਕਰਕੇ ਕਬਾੜ ਖਰੀਦਣ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਚੋਰੀ ਦੀਆਂ ਤਾਰਾਂ ਨਾ ਖਰੀਦਣ। ਇਸ ਸਬੰਧੀ ਐੱਸ.ਐਚ.� ਖਾਲੜਾ ਬਲਜਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਕੋਲ ਪੁਲਿਸ ਥਾਣੇ ਕੇਬਲ ਤਾਰਾਂ ਚੋਰੀ ਸਬੰਧੀ ਦਰਖਾਸਤ ਆਈ ਹੈ ਅਤੇ ਉਹਨਾਂ ਵਲੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ।