ਨਡਾਲਾ, 16 ਜੂਨ �(ਰਘਬਿੰਦਰ ਸਿੰਘ)-ਸਥਾਨਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਮੱਥਾ ਟੇਕਣ ਆਏ ਇੱਕ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਰਵਿੰਦਰਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਖੱਖ ਵਾਸੀ ਨਡਾਲਾ ਨੇ ਦੱਸਿਆ ਕਿ ਬੀਤੀ ਮੱਸਿਆ ਵਾਲੇ ਦਿਨ ਦੁਪਹਿਰ ਕਰੀਬ 1 ਵਜੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ ਤੇ ਆਪਣਾ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ (ਨੰਬਰ ਪੀ ਬੀ 09 ਐਨ 0162) ਗੁਰਦੁਆਰਾ ਸਾਹਿਬ ਦੇ ਅੰਦਰ ਖੜ੍ਹਾ ਕੀਤਾ ਹੋਇਆ ਸੀ | ਜਦੋਂ ਉਹ ਕਰੀਬ ਕੁੱਝ ਸਮੇਂ ਬਾਅਦ ਵਾਪਸ ਆਇਆ ਤਾਂ ਮੋਟਰਸਾਈਕਲ ਆਪਣੀ ਥਾਂ ਤੋਂ ਗਾਇਬ ਸੀ | ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ‘ਤੇ ਪਤਾ ਲੱਗਾ ਕਿ ਕਰੀਬ 1:17 ਵਜੇ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ | ਸੀਸੀਟੀਵੀ ਫੁਟੇਜ ਅਨੁਸਾਰ ਚੋਰ ਮੋਟਰਸਾਈਕਲ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੋਂ ਅੱਡਾ ਨਡਾਲਾ ਵਾਲੇ ਪਾਸੇ ਲੈ ਕੇ ਗਿਆ | ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ | ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰ ਨੂੰ ਜਲਦ ਕਾਬੂ ਕਰਨ ਅਤੇ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕਰਨ ਦੀ ਮੰਗ ਕੀਤੀ ਹੈ |