ਕਪੂਰਥਲਾ, 16 ਜੂਨ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਹਾਊਸ ਲਿਸਟਿੰਗ ਤੇ ਹਾਊਸ ਸੈਨਸਜ਼ ਦਾ ਕੰਮ ਸਫ਼ਲਤਾ ਪੂਰਵਕ ਮੁਕੰਮਲ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪਹਿਲੇ ਪੜਾਅ ਦੀ ਮੁਹਿੰਮ 16 ਮਈ ਤੋਂ 13 ਜੂਨ ਤੱਕ ਚਲਾਈ ਗਈ ਸੀ ਤੇ ਇਸ ਮੁਹਿੰਮ ਦੌਰਾਨ 1254 ਗਿਣਤੀਕਾਰਾਂ ਨੇ ਘਰ-ਘਰ ਜਾ ਕੇ ਸਰਵੇਖਣ ਕੀਤਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਰਦਮਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਨੂੰ 1269 ਬਲਾਕਾਂ ਵਿਚ ਵੰਡਿਆ ਗਿਆ ਸੀ ਤੇ ਇਸ ਕੰਮ ਦੀ ਨਿਗਰਾਨੀ ਲਈ ਹਰ 6 ਗਿਣਤੀਕਾਰਾਂ ਪਿੱਛੇ ਇਕ ਸੁਪਰਵਾਈਜ਼ਰ ਲਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਘਰ-ਘਰ ਸਰਵੇਖਣ ਦੌਰਾਨ ਗਿਣਤੀਕਾਰਾਂ ਨੇ 33 ਮੁੱਖ ਸਵਾਲਾਂ ਰਾਹੀਂ ਲੋਕਾਂ ਦੇ ਮਕਾਨਾਂ ਦੀ ਹਾਲਤ, ਪੀਣ ਵਾਲੇ ਪਾਣੀ, ਬਿਜਲੀ, ਸਫ਼ਾਈ, ਰਸੋਈ ਗੈਸ, ਮੋਬਾਈਲ, ਇੰਟਰਨੈੱਟ ਤੇ ਗੱਡੀਆਂ ਵਰਗੀਆਂ ਬੁਨਿਆਦੀ ਸਹੂਲਤਾਂ ਅਤੇ ਸੰਪਤੀ ਸਬੰਧੀ ਜਾਣਕਾਰੀ ਇਕੱਤਰ ਕੀਤੀ | ਉਨ੍ਹਾਂ ਕਿਹਾ ਕਿ ਇਸ ਸਰਵੇਖਣ ਦੌਰਾਨ ਇਕੱਤਰ ਕੀਤਾ ਗਿਆ ਡਾਟਾ ਸਰਕਾਰ ਨੂੰ ਨਵੀਆਂ ਭਲਾਈ ਸਕੀਮਾਂ ਤੇ ਵਿਕਾਸ ਯੋਜਨਾ ਬਣਾਉਣ ਵਿਚ ਮਦਦ ਕਰੇਗਾ | ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਫਰਵਰੀ 2027 ਵਿਚ ਹੋਣ ਵਾਲੇ ਮੁੱਖ ਮਰਦਮਸ਼ੁਮਾਰੀ ਦਾ ਆਧਾਰ ਬਣੇਗਾ ਤਾਂ ਜੋ ਹਰ ਪਰਿਵਾਰ ਤੱਕ ਸਹੀ ਤਰੀਕੇ ਨਾਲ ਪਹੁੰਚ ਕੀਤੀ ਜਾ ਸਕੇ | ਉਨ੍ਹਾਂ ਸਰਵੇਖਣ ਦੇ ਕਾਰਜ ਨੂੰ ਨਿਰਧਾਰਿਤ ਸਮੇਂ ਅੰਦਰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਲੋਕਾਂ ਵਲੋਂ ਵੀ ਇਸ ਸਰਵੇਖਣ ਦੌਰਾਨ ਖੇਤਰੀ ਸਟਾਫ਼ ਨੂੰ ਸਹਿਯੋਗ ਦੇਣ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ |