ਕਪੂਰਥਲਾ, 16 ਜੂਨ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਸਬਜ਼ੀ ਮੰਡੀ ਵਿਖੇ ਬਾਲੀ ਵਾਲੀ ਗਲੀ ਵਿਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਾਮ ਸਮੇਂ ਇਕ ਹੋਰ ਐਕਟਿਵਾ ਉਸੇ ਗਲੀ ਵਿਚੋਂ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਹ ਕਿਸੇ ਦੀ ਐਕਟਿਵਾ ਮੰਗ ਲੈ ਕੇ ਆਇਆ ਸੀ ਤੇ ਬਾਲੀ ਵਾਲੀ ਗਲੀ ਵਿਚ ਖੜੀ ਕਰਕੇ ਆਪਣੇ ਦੁਕਾਨ ‘ਤੇ ਆ ਗਿਆ ਜਦੋਂ ਕੁੱਝ ਦੇਰ ਬਾਅਦ ਦੇਖਿਆ ਤਾਂ ਉੱਥੇ ਐਕਟਿਵਾ ਮੌਜੂਦ ਨਹੀਂ ਸੀ, ਜਿਸਦੀ ਉਸਨੇ ਆਪਣੇ ਪੱਧਰ ‘ਤੇ ਬੜੀ ਭਾਲ ਕੀਤੀ ਪਰ ਕਿਤੇ ਵੀ ਐਕਟਿਵਾ ਨਹੀਂ ਮਿਲੀ | ਉਸਨੇ ਇਸ ਸਬੰਧੀ ਸਬੰਧਿਤ ਥਾਣੇ ਸੂਚਿਤ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਲਗਭਗ ਇਕ ਮਹੀਨਾ ਪਹਿਲਾਂ ਵੀ ਇਸ ਗਲੀ ਵਿਚੋਂ ਘਰ ਦੇ ਬਾਹਰੋਂ ਇਕ ਪੱਤਰਕਾਰ ਦੀ ਸਕੂਟਰੀ ਚੋਰੀ ਹੋ ਚੁੱਕੀ ਹੈ ਜਿਸਦਾ ਹੁਣ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ |