ਕਪੂਰਥਲਾ, 16 ਜੂਨ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਸੰਸਥਾਨ ਦੇ ਪ੍ਰੋਜੈਕਟ ‘ਆਰੋਗਯ’ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇਕ ਵਿਲੱਖਣ ਯੋਗਾ ਤੇ ਧਿਆਨ ਕੈਂਪ ਲਗਾਇਆ ਗਿਆ | ਜਿਸ ਵਿਚ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਯੋਗਾਚਾਰੀਆ ਸਵਾਮੀ ਅਸ਼ਵਨੀ ਨੇ ਕੈਂਪ ਵਿਚ ਸ਼ਾਮਲ ਲੋਕਾਂ ਨੂੰ ਯੋਗ ਆਸਣਾ ਪ੍ਰਣਾਯਮ ਤੇ ਧਿਆਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਯੋਗ ਇਕ ਪ੍ਰਾਚੀਨ ਭਾਰਤੀ ਅਭਿਆਸ ਹੈ ਜੋ ਹਰ ਉਮਰ ਵਿਚ ਸਰੀਰਕ, ਮਾਨਸਿਕ ਤੇ ਅਧਿਆਤਮਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਨ ਹਰੇਕ ਵਿਅਕਤੀ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੈ ਜੋ ਇਲਾਜ ਯੋਗ ਨਹੀਂ ਜਾਪਦੀਆਂ | ਸਵਾਮੀ ਅਸ਼ਵਨੀ ਨੇ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਨਹੀਂ ਸਗੋਂ ਚੇਤਨਾ ਨੂੰ ਉੱਚਾ ਚੁੱਕਣ ਦਾ ਵਿਗਿਆਨ ਹੈ | ਉਨ੍ਹਾਂ ਕਿਹਾ ਕਿ ਅੱਜਕਲ ਜ਼ਿਆਦਾਤਰ ਲੋਕ ਯੋਗ ਨੂੰ ਸਿਰਫ ਕੁੱਝ ਆਸਣਾ ਤੇ ਕਸਰਤਾਂ ਵਜੋਂ ਸਮਝਦੇ ਹਨ ਪਰ ਯੋਗ ਦੀ ਪਰਿਭਾਸ਼ਾ ਬਹੁਤ ਵਿਆਪਕ ਹੈ ਜਿਸਦਾ ਅਰਥ ਹੈ ਜੁੜਣਾ | ਉਨ੍ਹਾਂ ਕਿਹਾ ਕਿ ਮਨ ਦੀਆਂ ਪ੍ਰਵਿਰਤੀਆਂ ਦਾ ਸੰਜਮ ਹੈ | ਸਵਾਮੀ ਅਸ਼ਵਨੀ ਨੇ ਕੈਂਪ ਵਿਚ ਅਨੁਲੋਮ ਵਿਲੋਮ, ਨਾੜੀ ਸ਼ੋਧਨ, ਤਾਡਾਸਨ, ਢੰਡਾਸਨ, ਭੁਜੰਗ ਆਸਣ ਤੇ ਹੋਰ ਆਸਣਾ ਦਾ ਅਭਿਆਸ ਕਰਵਾਇਆ ਤੇ ਸੰਗਤਾਂ ਨੂੰ ਆਪਣੇ ਆਚਰਣ, ਵਿਹਾਰ ਤੇ ਖੁਰਾਕ ਨੂੰ ਸੰਤੁਲਿਤ ਕਰਨ ‘ਤੇ ਜ਼ੋਰ ਦਿੱਤਾ | ਕੈਂਪ ਵਿਚ ਸ਼ਾਮਲ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੇ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਦਾ ਸੰਕਲਪ ਲਿਆ |