ਭੁਲੱਥ, 16 ਜੂਨ (ਮਨਜੀਤ ਸਿੰਘ ਰਤਨ)-ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ’ ਯੋਜਨਾ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਇਸ ਸਬੰਧੀ ਹਲਕਾ ਭੁਲੱਥ ਦੇ ਪਿੰਡ ਖੱਸਣ ਵਿਖੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸਦੀ ਸ਼ੁਰੂਆਤ ਐੱਸ.ਡੀ.ਐਮ. ਭੁਲੱਥ ਰੁਪਿੰਦਰ ਪਾਲ ਸਿੰਘ ਨੇ ਕਰਵਾਈ ਅਤੇ ਕੈਂਪ ਦਾ ਦੌਰਾ ਕੀਤਾ | ਇਸ ਮੌਕੇ ਐੱਸ.ਡੀ.ਐਮ. ਰੁਪਿੰਦਰ ਪਾਲ ਸਿੰਘ ਨੇ ਕੈਂਪ ਵਿੱਚ ਪਹੁੰਚੀਆਂ ਮਹਿਲਾਵਾਂ ਨੂੰ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਦੀਆਂ ਯੋਗ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਹੋਰ ਯੋਗ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਿਨੈਕਾਰ ਮਹਿਲਾ ਪੰਜਾਬ ਦੀ ਸਥਾਈ ਨਿਵਾਸੀ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੋਣੀ ਲਾਜ਼ਮੀ ਹੈ | ਉਨ੍ਹਾਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ | ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਆਪ ਆਗੂ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਕੀਤੀ ਗਈ ਇਹ ਇੱਕ ਸ਼ਲਾਘਾਯੋਗ ਪਹਿਲ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ ਵਿੱਚ ਯੋਗ ਮਹਿਲਾਵਾਂ ਦੀ ਗਿਣਤੀ ‘ਤੇ ਕੋਈ ਪਾਬੰਦੀ ਨਹੀਂ ਹੈ | ਜੇਕਰ ਇੱਕੋ ਘਰ ਵਿੱਚ ਮਾਂ, ਧੀ ਅਤੇ ਨੂੰ ਹ ਤਿੰਨੇ ਯੋਗਤਾ ਪੂਰੀਆਂ ਕਰਦੀਆਂ ਹਨ ਤਾਂ ਤਿੰਨਾਂ ਨੂੰ ਹੀ ਯੋਜਨਾ ਦਾ ਲਾਭ ਮਿਲੇਗਾ, ਜੋ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਤੋਹਫ਼ਾ ਹੈ | ਕੈਂਪ ਦੌਰਾਨ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਐੱਸ.ਡੀ.ਐਮ. ਭੁਲੱਥ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਂਬਰ ਬਲਾਕ ਸੰਮਤੀ ਰਵੀ ਥਾਪਰ, ਸਾਬਕਾ ਸਰਪੰਚ ਸਤਵਿੰਦਰ ਸਿੰਘ ਨਸੀਬ , ਸਤਨਾਮ ਸਿੰਘ ਚੀਮਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ , ਪੰਚ ਪਰਵਿੰਦਰ ਸਿੰਘ ਥਾਪਰ, ਪੰਚ ਗੁਰਜੀਵਨ ਸਿੰਘ, ਨੌਜਵਾਨ ਆਗੂ ਰਾਹੁਲ ਥਾਪਰ, ਪੰਚ ਬੀਬੀ ਕੁਲਵਿੰਦਰ ਕੌਰ, ਪਰਮਜੀਤ ਸਿੰਘ, ਕੁਲਵੰਤ ਸਿੰਘ ਜੰਮੂ, ਨਿਰਵੈਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ|