ਕਪੂਰਥਲਾ, 17 ਜੂਨ (ਅਮਰਜੀਤ ਕੋਮਲ)-ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਐਸ.ਆਈ.ਆਰ. ਦੇ ਕਾਰਜ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਅੱਜ ਵੱਖ-ਵੱਖ ਟੀਮਾਂ ਦੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਐਸ.ਆਈ.ਆਰ. ਨਾਲ ਸਬੰਧਿਤ ਹਰੇਕ ਗਤੀ ਵਿਧੀ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ, ਸ਼ਿਕਾਇਤਾਂ ਦੇ ਨਿਵਾਰਨ, ਆਈ.ਟੀ. ਨਾਲ ਸਬੰਧਿਤ ਮੁੱਦਿਆਂ ਦੇ ਹੱਲ, ਸਿਖਲਾਈ ਤੇ ਸਮਗਰੀ ਪ੍ਰਬੰਧਨ, ਸੋਸ਼ਲ ਮੀਡੀਆ ਤਾਲਮੇਲ, ਸਵੀਪ ਜਾਗਰੂਕਤਾ ਗਤੀਵਿਧੀਆਂ ਤੇ ਐਸ.ਆਈ.ਆਰ. ਨਾਲ ਸਬੰਧਿਤ ਮਹੱਤਵਪੂਰਨ ਮਾਮਲਿਆਂ ਦੀ ਰਿਪੋਰਟ, ਕਾਨੂੰਨੀ ਮਾਮਲੇ, ਬੂਥ ਲੈਵਲ ਅਫ਼ਸਰਾਂ ਦੀ ਭਲਾਈ ਤੇ ਹੈਲਪ ਡੈਸਕਾਂ ਦੇ ਸੰਚਾਲਨ ਸਮੇਤ ਹੋਰ ਅਹਿਮ ਕਾਰਜਾਂ ਦੀ ਨਿਗਰਾਨੀ ਕਰਨਗੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਟੀਮਾਂ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਲੋਕਾਂ ਦੀ ਸਹਾਇਤਾ ਵੀ ਕਰਨਗੀਆਂ ਤੇ ਇਹ ਵੀ ਯਕੀਨੀ ਬਣਾਉਣਗੀਆਂ ਕਿ ਯੋਗ ਵੋਟਰਾਂ ਨੂੰ ਦਸਤਾਵੇਜ਼ੀ ਤੇ ਵੈਰੀਫਿਕੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਤੇ ਸਹਾਇਕ ਨੋਡਲ ਅਫ਼ਸਰਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਜਨਰਲ) ਸਾਰੀਆਂ ਨੋਡਲ ਟੀਮਾਂ ਦੇ ਕੰਮਕਾਜ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ ਤਾਂ ਜੋ ਸੌਂਪੀਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਦੇ ਸ਼ਡਿਊਲ ਮੁਤਾਬਿਕ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰ ਵੋਟਰ ਫਾਰਮ ਵੰਡਣ ਲਈ ਹਰੇਕ ਵੋਟਰ ਦੇ ਘਰ ਘਰ ਜਾਣਗੇ, ਜਿਨ੍ਹਾਂ ਫਾਰਮਾਂ ਵਿਚ ਵੋਟਰਾਂ ਦੇ ਮੁਕੰਮਲ ਵੇਰਵੇ ਸ਼ਾਮਲ ਹੋਣਗੇ ਤੇ 3 ਅਗਸਤ ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਹੋਵੇਗੀ ਤੇ 3 ਅਗਸਤ ਤੋਂ 2 ਦਸੰਬਰ ਤੱਕ ਵੋਟਰ ਸੂਚੀ ਦੇ ਦਾਅਵੇ ਤੇ ਇਤਰਾਜ਼ ਲਏ ਜਾਣਗੇ | ਉਨ੍ਹਾਂ ਕਿਹਾ ਕਿ ਚੋਣ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ 1 ਅਕਤੂਬਰ 2026 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਹੋਵੇਗੀ |
ਐਸ.ਆਈ.ਆਰ. ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਨਿਯੁਕਤ
ਅਜੀਤ ਡੈਸਕ
18-06-2026