19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਐੱਸ.ਆਈ.ਆਰ ਲਈ ਕੱਲ੍ਹ ਤੋਂ ਘਰ-ਘਰ ਜਾਣਗੇ ਬੂਥ ਲੈਵਲ ਅਫ਼ਸਰ-ਡੀ.ਸੀ. ਵਾਲੀਆ

ਅਜੀਤ ਡੈਸਕ 24-06-2026


ਜਲੰਧਰ, 23 ਜੂਨ (ਜਤਿੰਦਰ ਪੰਮੀ)-ਵੋਟਾਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) 2026 ਤਹਿਤ ਬੂਥ ਲੈਵਲ ਅਫ਼ਸਰ 25 ਜੂਨ ਤੋਂ ਘਰ-ਘਰ ਜਾਣਗੇ ਅਤੇ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਐਸ.ਆਈ.ਆਰ.-2026 ਸਬੰਧੀ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਦਾ ਉਦੇਸ਼ ਪਾਰਦਰਸ਼ੀ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕਰਨਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਵੀ ਮੌਜੂਦ ਸਨ। ਡੀਸੀ ਵਾਲੀਆ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਬੀ. ਐੱਲ. ਓਜ਼. ਵੱਲੋਂ ਘਰ ਘਰ ਜਾ ਕੇ ਗਣਨਾ (ਇਨੂਮੀਰੇਸ਼ਨ) ਫਾਰਮ ਭਰਵਾਏ ਜਾਣਗੇ। ਬੀ.ਐੱਲ.ਓਜ਼ ਵੱਲੋਂ ਫਾਰਮ ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ। ਫਾਰਮ ਵਿੱਚ ਸਾਰੀ ਜਾਣਕਾਰੀ ਭਰਨ ਉਪਰੰਤ ਇੱਕ ਕਾਪੀ ਵੋਟਰ ਵਲੋਂ ਦਸਤਖ਼ਤ ਕਰਕੇ ਬੀ.ਐੱਲ.ਓ. ਕੋਲ ਜਮ੍ਹਾ ਕਰਵਾਈ ਜਾਵੇਗੀ ਅਤੇ ਇੱਕ ਕਾਪੀ ਦਸਤਖ਼ਤ ਕਰਕੇ ਵੋਟਰ ਨੂੰ ਰਸੀਦ ਵਜੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਗੈਰ-ਹਾਜ਼ਰ, ਤਬਦੀਲ ਹੋ ਚੁੱਕੇ ਅਤੇ ਮ੍ਰਿਤਕ ਵੋਟਰਾਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੇ ਹਰ ਵੋਟਰ ਨੂੰ ਬੀ.ਐੱਲ.ਓ.ਵੱਲੋਂ ਦਿੱਤਾਜਾਣ ਵਾਲਾ ਇਨੂਮੀਰੇਸ਼ਨ ਫਾਰਮ ਭਰਨਾ ਜ਼ਰੂਰੀ ਹੈ। ਜੇਕਰ ਕੋਈ ਵੋਟਰ ਇਨੂਮੀਰੇਸ਼ਨ ਫਾਰਮ ਨਹੀਂ ਭਰਦਾ ਤਾਂ ਉਸਨੂੰ ਡ੍ਰਾਫ਼ਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫਸਰ ਨੇ ਰਾਜਨੀਤਿਕ ਪਾਰਟੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਬੂਥ ਲੈਵਲ ਏਜੰਟ (ਬੀ.ਐੱਲ.ਏ.-2) ਨਿਯੁਕਤ ਕਰਨ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕਰਨ ਅਤੇ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਉਨ੍ਹਾਂ ਇਸ ਦੀ ਸਫ਼ਲਤਾ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।

ਪਿਛਲੀ ਖ਼ਬਰ ਨਗਰ ਨਿਗਮ ਦੀ ਟੀਮ ਨੇ ਨਵੀਂ ਸਬਜ਼ੀ ਮੰਡੀ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਵਾਏ ਅਗਲੀ ਖ਼ਬਰ ਆਪਣੀਆਂ ਮੰਗਾਂ ਸੰਬੰਧੀ ਐੱਨ.ਐੱਚ.ਐੱਮ. ਕਰਮਚਾਰੀਆਂ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।