ਕਪੂਰਥਲਾ, 23 ਜੂਨ (ਵਿ.ਪ੍ਰ.)-ਸ਼ੋ੍ਮਣੀ ਅਕਾਲੀ ਦਲ (ਬ) ਹਲਕਾ ਕਪੂਰਥਲਾ ਦੇ ਇੰਚਾਰਜ ਐਚ.ਐਸ. ਵਾਲੀਆ ਨੇ ਸ਼ੋ੍ਮਣੀ ਅਕਾਲੀ (ਬ) ਵਲੋਂ 24 ਜੂਨ ਨੂੰ ਜਲੋਖਾਨਾ ਚੌਂਕ ਕਪੂਰਥਲਾ ਵਿਚ ਕਰਵਾਈ ਜਾ ਰਹੀ ਇਕ ਡਿਬੇਟ ਵਿਚ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਡਿਬੇਟ ਵਿਚ ਆ ਕੇ ਮੁੱਖ ਮੰਤਰੀ ਵਲੋਂ ਕਥਿਤ ਤੌਰ ‘ਤੇ ਗੁਰੂ ਸਾਹਿਬ ਦੇ ਕੀਤੇ ਗਏ ਅਪਮਾਨ ਬਾਰੇ ਜਨਤਾ ਸਾਹਮਣੇ ਆਪਣਾ ਸਪਸ਼ਟੀਕਰਨ ਦੇਣ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਡਿਬੇਟ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਦੀ ਕੋਈ ਚਰਚਾ ਨਹੀਂ ਹੋਵੇਗੀ| ਐਚ.ਐਸ. ਵਾਲੀਆ ਨੇ ਕਿਹਾ ਕਿ ਇਸਤੋਂ ਪਹਿਲਾਂ ਬਹੁਤ ਸਾਰੇ ਮੁੱਖ ਮੰਤਰੀ ਆਏ ਤੇ ਆਉਂਦੇ ਰਹਿਣਗੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿੱਟ ਜਾਵੇਗਾ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ| ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤੇ ਜਾਣ ਮੌਕੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਸੀ ਕਿ ਉਹ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ, ਹੁਣ ਜਦੋਂ ਸਰਕਾਰੀ ਲੈਬਾਂ ਦੀਆਂ ਰਿਪੋਰਟਾਂ ਨੇ ਇਸ ਵੀਡੀਓ ਦੇ ਅਸਲੀ ਹੋਣ ‘ਤੇ ਮੋਹਰ ਲਗਾ ਦਿੱਤੀ ਹੈ ਪਰ ਹੁਣ ਮੁੱਖ ਮੰਤਰੀ ਇਸ ਵੀਡੀਓ ਨੂੰ ਜਾਅਲੀ ਨਹੀਂ ਕਰ ਰਹੇ ਸਗੋਂ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹਨ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਬਿਆਨਬਾਜ਼ੀ ਬੰਦ ਕਰਨ ਤੇ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਆਪਣੀਆਂ ਭੁੱਲਾਂ ਲਈ ਖਿਮਾ ਯਾਚਨਾ ਕਰਨ |
ਸ਼ੋ੍ਮਣੀ ਅਕਾਲੀ ਦਲ (ਬ) ਵਲੋਂ ਅੱਜ ਨੂੰ ਕੀਤੀ ਜਾਣ ਵਾਲੀ ਡਿਬੇਟ ਵਿਚ ‘ਆਪ’ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲ ਹੋਣ ਦਾ ਸੱਦਾ
ਅਜੀਤ ਡੈਸਕ
24-06-2026