ਕਪੂਰਥਲਾ, 23 ਜੂਨ (ਅਮਰਜੀਤ ਕੋਮਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਜ਼ਿਲ੍ਹੇ ਵਿਚ ਬਿਜਲੀ ਨੈੱਟਵਰਕ ਨੂੰ ਮਜ਼ਬੂਤ ਕਰਨ, ਜਨਤਕ ਸੁਰੱਖਿਆ ਵਿਚ ਸੁਧਾਰ ਲਿਆਉਣ ਤੇ ਸ਼ਹਿਰੀ ਦਿੱਖ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਬਿਜਲੀ ਢਾਂਚੇ ਦੀ ਅਪਗੇ੍ਰਡੇਸ਼ਨ ਤੇ ਸੁੰਦਰੀਕਰਨ ਦੇ ਪ੍ਰੋਜੈਕਟ ਤਹਿਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੁਰਾਣੇ ਤੇ ਅਸੁਰੱਖਿਅਤ ਖੰਭਿਆਂ ਨੂੰ ਬਦਲਣਾ, ਨਵੇਂ ਖੰਭੇ ਲਗਾਉਣੇ, ਪੁਰਾਣੇ ਮੀਟਰ ਬਕਸੇ ਬਦਲਣੇ, ਨਵੀਆਂ ਬਿਜਲੀ ਦੀਆਂ ਕੇਬਲਾਂ ਵਿਛਾਉਣ ਤੇ ਟਰੈਫ਼ਿਕ ਆਵਾਜਾਈ ਵਿਚ ਰੁਕਾਵਟ ਬਣਨ ਵਾਲੇ ਖੰਭਿਆਂ ਨੂੰ ਦੂਜੀ ਥਾਂ ‘ਤੇ ਤਬਦੀਲ ਕਰਨ | ਨਵੀਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕਰਨ ਤੇ ਖ਼ਰਾਬ ਹੋਏ ਖੰਭਿਆਂ ਦੇ ਮੀਟਰਾਂ ਨੂੰ ਬਦਲਣ, ਨਵੇਂ ਟਰਾਂਸਫ਼ਾਰਮਰ ਲਗਾਕੇ ਵੰਡ ਪ੍ਰਣਾਲੀ ਨੂੰ ਅਪਗੇ੍ਰਡ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂ.ਐਲ.ਬੀ. ਸਕੀਮ ਅਧੀਨ ਬੇਗੋਵਾਲ, ਸੁਲਤਾਨਪੁਰ ਲੋਧੀ, ਨਡਾਲਾ, ਭੁਲੱਥ ਤੇ ਢਿਲਵਾਂ ਵਿਚ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਕੰਮ ਸ਼ੁਰੂ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿਚ 52 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫ਼ਾਰਮਰ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 47 ਟਰਾਂਸਫ਼ਾਰਮਰ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ | ਇਸੇ ਤਰ੍ਹਾਂ ਭੁਲੱਥ ਤੇ ਬੇਗੋਵਾਲ ਵਿਚ 7, ਨਡਾਲਾ ਵਿਚ 4, ਸੁਲਤਾਨਪੁਰ ਲੋਧੀ ਵਿਚ 5 ਤੇ ਢਿਲਵਾਂ ਕਸਬੇ ਵਿਚ 4 ਟਰਾਂਸਫ਼ਾਰਮਰ ਲਗਾਏ ਜਾ ਰਹੇ ਹਨ | ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਨੇ ਕਪੂਰਥਲਾ ਸ਼ਹਿਰ ਵਿਚ ਰਿਹਾਇਸ਼ੀ ਮਕਾਨਾਂ ਉਪਰੋਂ ਲੰਘਦੀਆਂ ਬਿਜਲੀ ਲਾਈਨਾਂ ਨੂੰ ਬਦਲਣ ਲਈ ਪਾਵਰਕਾਮ ਕੋਲ ਲੋੜੀਂਦੇ ਫੰਡ ਜਮਾਂ ਕਰਵਾ ਦਿੱਤੇ ਹਨ ਤੇ ਇਹ ਕੰਮ ਵੀ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਨ | ਇਸੇ ਦੌਰਾਨ ਹੀ ਪਾਵਰਕਾਮ ਦੇ ਸਰਕਲ ਕਪੂਰਥਲਾ ਦੇ ਡਿਪਟੀ ਚੀਫ਼ ਇੰਜੀਨੀਅਰ ਡਾ. ਸੁਰਿੰਦਰਪਾਲ ਸੋਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ਰਾਬ ਖੰਭਿਆਂ, ਲਟਕਦੀਆਂ ਤਾਰਾਂ ਤੇ ਅਣਸੁਰੱਖਿਅਤ ਮੀਟਰਾਂ ਬਕਸਿਆਂ ਬਾਰੇ ਪਾਵਰਕਾਮ ਨੂੰ ਜਾਣਕਾਰੀ ਦੇਣ |
ਪਾਵਰਕਾਮ ਵਲੋਂ ਜ਼ਿਲ੍ਹੇ ਵਿਚ ਬਿਜਲੀ ਢਾਂਚੇ ਦੀ ਅਪਗ੍ਰੇਡੇਸ਼ਨ ਤੇ ਸੁੰਦਰੀਕਰਨ ਦੇ ਪ੍ਰੋਜੈਕਟ ਤਹਿਤ ਵੱਖ-ਵੱਖ ਕਾਰਜ ਸ਼ੁਰੂ
ਅਜੀਤ ਡੈਸਕ
24-06-2026