ਕਪੂਰਥਲਾ, 23 ਜੂਨ (ਅਮਰਜੀਤ ਕੋਮਲ)-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਪ੍ਰੀ ਐਸ.ਆਈ.ਆਰ ਦੇ ਸਬੰਧ ਵਿਚ ਸਾਲ 2025 ਦੀ ਵੋਟਰ ਸੂਚੀ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਦੌਰਾਨ 1 ਲੱਖ 3997 ਅਨਮੈਪਡ ਵੋਟਰ ਪਾਏ ਗਏ ਹਨ | ਇਹ ਜਾਣਕਾਰੀ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕੁੱਲ 614981 ਵੋਟਰਾਂ ਵਿਚੋਂ 510984 ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਤਹਿਤ ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਵਿਚ 791 ਬੀ.ਐਲ.ਓਜ਼ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਅਤੇ ਗਣਨਾ ਫਾਰਮ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵੋਟਰਾਂ ਵਲੋਂ ਇਸ ਗਣਨਾ ਫਾਰਮ ਭਰਕੇ ਇਸਦੀ ਇਕ ਕਾਪੀ ਦਸਤਖ਼ਤ ਕਰਕੇ ਬੀ.ਐਲ.ਓਜ਼ ਨੂੰ ਵਾਪਸ ਦਿੱਤੀ ਜਾਵੇਗੀ ਤੇ ਇਸਤੋਂ ਬਾਅਦ ਡਰਾਫ਼ਟ ਵੋਟਰ ਸੂਚੀ ਵਿਚ ਸਬੰਧਿਤ ਵੋਟਰ ਦੀ ਵੋਟ ਦਰਜ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਰਿਵੀਜ਼ਨ ਲਈ ਯੋਗਤਾ ਮਿਤੀ 1 ਅਕਤੂਬਰ 2026 ਨਿਰਧਾਰਿਤ ਕੀਤੀ ਗਈ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਕੰਮ ਦੀ ਨਿਗਰਾਨੀ ਲਈ 77 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਐਸ.ਆਈ.ਆਰ ਦੇ ਕੰਮ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਸਮੂਹ ਚੋਣ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨੂੰ ਲੋੜੀਂਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਵਿਸ਼ੇਸ਼ ਕਿੱਟ ਬੈਗ ਸਮੇਤ ਗਣਨਾ ਫਾਰਮ ਵੀ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਸ਼ਡਿਊਲ ਅਨੁਸਾਰ 24 ਜੁਲਾਈ ਨੂੰ ਪੋਿਲੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ ਤੇ 3 ਅਗਸਤ ਨੂੰ ਡਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਹੋਵੇਗੀ ਤੇ 3 ਅਗਸਤ ਤੋਂ 2 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ ਤੱਕ ਹੋਵੇਗਾ ਤੇ 1 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਕੀਤੀ ਜਾਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਆਪਣੀ ਪਹਿਚਾਣ ਤੇ ਰਿਹਾਇਸ਼ ਦੇ ਸਬੂਤ ਵਜੋਂ ਕੇਂਦਰ/ਰਾਜ ਸਰਕਾਰ ਜਾਂ ਪੀ.ਐਸ.ਯੂ. ਵਲੋਂ ਜਾਰੀ ਕੋਈ ਵੀ ਆਈ ਕਾਰਡ/ਪੈਨਸ਼ਨ ਪੇਮੈਂਟ ਆਰਡਰ, ਸਰਕਾਰੀ ਵਿਭਾਗਾਂ/ਸਥਾਨਕ ਅਥਾਰਿਟੀਆਂ, ਬੈਂਕ ਜਾਂ ਡਾਕ ਘਰਾਂ ਵਲੋਂ ਜਾਰੀ ਕੀਤੇ ਪਹਿਚਾਣ ਪੱਤਰ ਜਾਂ ਸਰਟੀਫਿਕੇਟ, ਪਾਸਪੋਰਟ, ਜਨਮ ਸਰਟੀਫਿਕੇਟ, ਮੈਟਿ੍ਕ ਸਰਟੀਫਿਕੇਟ, ਸਥਾਈ ਰਿਹਾਇਸ਼ ਸਰਟੀਫਿਕੇਟ, ਓ.ਬੀ.ਸੀ., ਐਸ.ਸੀ., ਐਸ.ਟੀ. ਸਰਟੀਫਿਕੇਟ, ਫੈਮਲੀ ਰਜਿਸਟਰ, ਜ਼ਮੀਨ/ਮਕਾਨ ਅਲਾਟਮੈਂਟ ਪੱਤਰ, ਜਾਂ ਚੋਣ ਕਮਿਸ਼ਨ ਵਲੋਂ ਨੋਟੀਫਾਈਡ ਕੀਤੇ ਲੋੜੀਂਦੇ ਦਸਤਾਵੇਜ਼ ਬੀ.ਐਲ.ਓਜ਼ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ ਤਾਂ ਜੋ ਕੋਈ ਵੀ ਯੋਗ ਨਾਗਰਿਕ ਇਸ ਸੁਧਾਰ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ |
ਜ਼ਿਲ੍ਹੇ ਵਿਚ ਐੱਸ.ਆਈ.ਆਰ. ਤਹਿਤ ਬੀ.ਐੱਲ.ਓਜ਼ 25 ਤੋਂ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਤੇ ਗਣਨਾ ਫਾਰਮ ਭਰਨਗੇ-ਜ਼ਿਲ੍ਹਾ ਚੋਣ ਅਫ਼ਸਰ
ਅਜੀਤ ਡੈਸਕ
24-06-2026