ਫਗਵਾੜਾ, 23 ਜੂਨ (ਚਾਨਾ)- ਟਕਸਾਲੀ ਕਾਂਗਰਸੀ ਤੇ ਬਲਾਕ ਕਾਂਗਰਸ ਫਗਵਾੜਾ ਦੇ ਤਿੰਨ ਸਾਬਕਾ ਪ੍ਰਧਾਨਾਂ ਇੰਦਰ ਦੁੱਗਲ, ਮਦਨ ਮੋਹਨ ਬਜਾਜ (ਗੁੱਡ) ਤੇ ਅਸ਼ੋਕ ਪਰਾਸ਼ਰ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ‘ਚ ਉਨ੍ਹਾਂ ਪੰਜਾਬ ਦੇ ਸਿਆਸੀ ਹਾਲਾਤ, ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ ਸੱਤਾ ‘ਚ ਮੁੜ ਵਾਪਸੀ ਦੀਆਂ ਸੰਭਾਵਨਾਵਾਂ ਤੋਂ ਇਲਾਵਾ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਦੀ ਸਰਗਰਮੀ ਦੇ ਬਾਵਜੂਦ ਪਾਰਟੀ ਦੇ ਕੌਮੀ ਪੱਧਰ ‘ਤੇ ਹੋ ਰਹੇ ਘਾਣ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਦੇਸ਼ ਦੀ ਆਜ਼ਾਦੀ ‘ਚ ਯੋਗਦਾਨ, ਆਜ਼ਾਦੀ ਤੋਂ ਬਾਅਦ 1977 ਤੋਂ 1980 ਤੇ 1989 ਤੋਂ 1991 ਤੱਕ ਦੇ ਕੁਝ ਸਮੇਂ ਨੂੰ ਛੱਡ ਕੇ ਲਗਾਤਾਰ ਮਜ਼ਬੂਤ ਸਰਕਾਰਾਂ ਵਜੋਂ ਦੇਸ਼ ਤੇ ਰਾਜ ਕਰਨ ਦੇ ਬਾਵਜੂਦ ਸਮੇਂ ਦੇ ਨਾਲ ਮੂਲ ਵਿਚਾਰਧਾਰਾ ਤੇ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਤੋਂ ਦੂਰੀ ਬਾਰੇ ਵਿਚਾਰ ਸਾਂਝੇ ਕੀਤੇ ਗਏ | ਸਾਬਕਾ ਬਲਾਕ ਪ੍ਰਧਾਨ ਇੰਦਰ ਦੁੱਗਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਸਲ ਤਾਕਤ ਉਸ ਦੇ ਸਮਰਪਿਤ ਤੇ ਵਿਚਾਰਧਾਰਕ ਵਰਕਰ ਰਹੇ ਹਨ, ਪਰ ਪਿਛਲੇ ਕੁਝ ਸਾਲਾਂ ਦੌਰਾਨ ਪਾਰਟੀ ਦੇ ਫ਼ੈਸਲਿਆਂ ‘ਚ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਭੂਮਿਕਾ ਘਟਣ ਕਾਰਨ ਨਿਰਾਸ਼ਾ ਦਾ ਮਾਹੌਲ ਬਣਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੂੰ ਮੁੜ ਦੇਸ਼ ਤੇ ਪੰਜਾਬ ‘ਚ ਮਜ਼ਬੂਤ ਬਣਾਉਣਾ ਹੈ ਤਾਂ ਟਕਸਾਲੀ ਕਾਂਗਰਸੀਆਂ ਤੇ ਤਜਰਬੇਕਾਰ ਆਗੂਆਂ ਨੂੰ ਬਣਦਾ ਮਾਣ-ਸਨਮਾਨ ਅਤੇ ਸਥਾਨ ਦੇਣਾ ਹੋਵੇਗਾ | ਮਦਨ ਮੋਹਨ ਬਜਾਜ (ਗੁੱਡ) ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਅੱਜ ਵੀ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਧਰਮ ਨਿਰਪੱਖਤਾ ਦੀ ਸਭ ਤੋਂ ਮਜ਼ਬੂਤ ਆਵਾਜ਼ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵਿਅਕਤੀਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ |
ਸਾਬਕਾ ਬਲਾਕ ਪ੍ਰਧਾਨਾਂ ਨੇ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ’ਤੇ ਕੀਤੀ ਚਰਚਾ
ਅਜੀਤ ਡੈਸਕ
24-06-2026