07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਥਾਣਿਆਂ ’ਚ ਇਨਸਾਫ਼ ਨਾ ਮਿਲਣ ਦੇ ਰੋਸ ’ਚ ਬਸਪਾ ਵਲੋਂ ਡੀ.ਐੱਸ.ਪੀ. ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 27-06-2026
ਫਗਵਾੜਾ, 26 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਥਾਣਿਆਂ ‘ਚ ਲੋਕਾਂ ਨੂੰ ਇਨਸਾਫ਼ ਨਾ ਮਿਲਣ ਤੇ ਪੁਲਿਸ ਵਲੋਂ ਕਥਿਤ ਤੌਰ ‘ਤੇ ਤਸ਼ੱਦਦ ਕਰਨ ਦੇ ਰੋਸ ਵਜੋਂ ਅੱਜ ਬਹੁਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਡੀ.ਐੱਸ.ਪੀ. ਦਫ਼ਤਰ ਵਿਖੇ ਧਰਨਾ ਲਗਾਇਆ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਦੀਪ ਮੱਲ ਜ਼ਿਲ੍ਹਾ ਵਾਈਸ ਪ੍ਰਧਾਨ ਕਪੂਰਥਲਾ, ਪਰਮਿੰਦਰ ਬੋਧ ਦਿਹਾਤੀ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਸੁਖਵਿੰਦਰ ਸ਼ੇਰਗਿੱਲ ਵਾਈਸ ਪ੍ਰਧਾਨ ਬਸਪਾ ਫਗਵਾੜਾ ਨੇ ਕਿਹਾ ਕਿ ਸੂਬੇ ‘ਚ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਥਾਣਿਆਂ ‘ਚ ਲੋੜੀਂਦਾ ਅਮਲਾ ਨਾ ਹੋਣ ਦੀ ਗੱਲ ਕੀਤੀ ਜਾਂਦੀ ਹੈ, ਪਰ ਜਦੋਂ ਆਮ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਦਬਾਉਣ ਲਈ ਵਾਧੂ ਪੁਲਿਸ ਫੋਰਸ ਤੁਰੰਤ ਤਾਇਨਾਤ ਕਰ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵੱਖ ਵੱਖ ਥਾਣਿਆਂ ‘ਚ ਮਾਮਲੇ ਬਕਾਇਆ ਪਏ ਹਨ ਪਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੁਲੀਸ ਵਲੋਂ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ ਤੇ ਪੁਲਿਸ ਉਲਟਾ ਦੂਸਰੀ ਧਿਰ ਨਾਲ ਸਨਮਾਨ ਯੋਗ ਵਤੀਰਾ ਅਪਣਾਇਆ ਜਾ ਰਿਹਾ ਹੈ ਜਦਕਿ ਆਮ ਵਿਅਕਤੀ ਇਨਸਾਫ਼ ਲਈ ਭਟਕ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਇਸ਼ਾਰੇ ‘ਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ | ਹਰੇਕ ਥਾਣਾ ਖੇਤਰ ‘ਚ ਲੁੱਟਾਂ, ਖੋਹਾਂ, ਡਕੈਤੀਆਂ, ਚੋਰੀਆਂ, ਫਿਰੋਤੀਆਂ ਤੇ ਕਤਲ ਆਮ ਗੱਲ ਬਣ ਗਈ ਹੈ | ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਨਿਰਪੱਖਤਾ ਨਾਲ ਕੰਮ ਕਰਨ ਤੇ ਆਮ ਲੋਕਾਂ ਨੂੰ ਇਨਸਾਫ਼ ਮੁਹੱਈਆ ਕਰਵਾਉਣ ਦੀ ਅਪੀਲ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਨਾਲ ਕਥਿਤ ਧੱਕੇਸ਼ਾਹੀ ਦਾ ਸਿਲਸਿਲਾ ਬੰਦ ਨਾ ਹੋਇਆ ਤਾਂ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਕਰੀਬ ਤਿੰਨ ਘੰਟੇ ਧਰਨੇ ਤੇ ਨਾਅਰੇਬਾਜ਼ੀ ਤੋਂ ਬਾਅਦ ਅਖੀਰ ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਥਾਣਿਆਂ ‘ਚ ਹਰੇਕ ਨਾਗਰਿਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ, ਪੁਰਾਣੇ ਕੇਸਾਂ ਦਾ ਨਿਪਟਾਰਾ ਜਲਦੀ ਹੋਵੇਗਾ ਅਤੇ ਫਗਵਾੜਾ ‘ਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇਗਾ ਜਿਸ ਉਪਰੰਤ ਧਰਨਾ ਸਮਾਪਤ ਹੋ ਗਿਆ | ਇਸ ਮੌਕੇ ਅਰੁਣ ਸੁਮਨ ਸਾਬਕਾ ਪ੍ਰਧਾਨ ਯੂਥ ਵਿੰਗ, ਰਾਮ ਮੂਰਤੀ ਖੇੜਾ, ਹਰਭਜਨ ਖਲਵਾੜਾ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਸੰਦੀਪ ਅੰਬੇਡਕਰੀ ਯੂਥ ਆਗੂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ |
ਪਿਛਲੀ ਖ਼ਬਰ ਚੋਰੀਸ਼ੁਦਾ 7 ਮੋਟਰਸਾਈਕਲ ਤੇ ਇਕ ਸਕੂਟਰੀ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸਰਪੰਚਾਂ ਨੂੰ ਮਾਣਭੱਤਾ ਦੇਣ ਦਾ ਫ਼ੈਸਲਾ ਪਿੰਡਾਂ ਦੇ ਵਿਕਾਸ ਨੂੰ ਦੇਵੇਗਾ ਨਵੀਂ ਰਫ਼ਤਾਰ -ਡਾ: ਕੰਗ /ਤਲਵਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।