ਕਪੂਰਥਲਾ, 20 ਜੁਲਾਈ (ਅਮਰਜੀਤ ਕੋਮਲ)-ਸਿਹਤ ਵਿਭਾਗ ਦੇ ਅਧਿਕਾਰੀ ਸਰਕਾਰੀ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰਾਂ ਵਿਚ ਬੈੱਡਾਂ ਦੀ ਸਮਰਥਾ ਵਧਾਉਣ ਤਾਂ ਜੋ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਦਾ ਸਹੀ ਇਲਾਜ ਤੇ ਸਮੇਂ ਸਿਰ ਦਾਖਲਾ ਯਕੀਨੀ ਬਣਾਇਆ ਜਾਵੇ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਐਸ.ਐਸ.ਪੀ. ਗੌਰਵ ਤੂਰਾ ਦੀ ਮੌਜੂਦਗੀ ਵਿਚ ਜ਼ਿਲ੍ਹਾ ਸਿਹਤ ਬੋਰਡ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਸਿਵਲ ਹਸਪਤਾਲ ਵਿਚਲੇ ਮੁੜ ਵਸੇਬਾ ਕੇਂਦਰ ਨੂੰ ਚਾਲੂ ਕਰਨ ਲਈ ਲੋੜੀਂਦੇ ਸਟਾਫ਼ ਦੀ ਤਜਵੀਜ਼ ਭੇਜਣ ਦੀ ਵੀ ਹਦਾਇਤ ਕੀਤੀ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਕਾਰਜਸ਼ੀਲ ਬਣਾਇਆ ਜਾ ਸਕੇ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਨਵੇਂ ਬਣੇ ਰਹੇ 12 ਆਮ ਆਦਮੀ ਕਲੀਨਿਕਾਂ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਸਾਰੇ ਕੰਮ ਨਿਸ਼ਚਿਤ ਸਮੇਂ ਵਿਚ ਮੁਕੰਮਲ ਕਰਨੇ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਤੇ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਮਿਆਰੀ ਮੁੱਢਲੀਆਂ ਸਿਹਤ ਸੰਭਾਲ ਸਹੂਲਤਾਂ ਦਾ ਵਿਸਥਾਰ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 27 ਆਮ ਆਦਮੀ ਕਲੀਨਿਕ ਪਹਿਲਾਂ ਹੀ ਸਫ਼ਲਤਾ ਪੂਰਵਕ ਚੱਲ ਰਹੇ ਹਨ | ਇਨ੍ਹਾਂ ਕਲੀਨਿਕਾਂ ਤੋਂ ਹਜ਼ਾਰਾਂ ਮਰੀਜ਼ ਡਾਕਟਰੀ ਸਲਾਹ, ਟੈੱਸਟ ਅਤੇ ਦਵਾਈਆਂ ਸਮੇਤ ਮੁਫ਼ਤ ਸਿਹਤ ਸਹੂਲਤਾਂ ਪ੍ਰਾਪਤ ਕਰ ਚੁੱਕੇ ਹਨ | ਉਨ੍ਹਾਂ ਆਸ ਪ੍ਰਗਟ ਕੀਤੀ ਕਿ 12 ਨਵੇਂ ਆਮ ਆਦਮੀ ਕਲੀਨਿਕਾਂ ਦੇ ਮੁਕੰਮਲ ਹੋਣ ਨਾਲ ਜ਼ਿਲ੍ਹੇ ਦੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ | ਮੀਟਿੰਗ ਵਿਚ ਸਹਾਇਕ ਸਿਵਲ ਸਰਜਨ ਡਾ. ਅਨੂੰ ਗੁਪਤਾ ਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |