ਕਪੂਰਥਲਾ, 20 ਜੁਲਾਈ (ਅਮਰਜੀਤ ਕੋਮਲ)-ਵਪਾਰੀ ਜੀ.ਐਸ.ਟੀ. ਐਕਟ 2017 ਦੀਆਂ ਧਾਰਾਵਾਂ ਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਕਿਸੇ ਵੀ ਵਸਤੂ ਦੀ ਵਿੱਕਰੀ ਤੇ ਗ੍ਰਾਹਕ ਨੂੰ ਲਾਜ਼ਮੀ ਤੌਰ ‘ਤੇ ਜੀ.ਐਸ.ਟੀ. ਬਿੱਲ ਜਾਰੀ ਕਰਨ, ਕਿਉਂਕਿ ਇਹ ਬਿੱਲ ਜਾਰੀ ਕਰਨਾ ਹਰ ਕਾਰੋਬਾਰੀ ਦੀ ਕਾਨੂੰਨੀ ਜ਼ਿੰਮੇਵਾਰੀ ਹੈ | ਇਸ ਨਾਲ ਪਾਰਦਰਸ਼ਤਾ, ਜਵਾਬਦੇਹੀ ਤੇ ਨਿਰਪੱਖ ਕਰ ਪ੍ਰਣਾਲੀ ਨੂੰ ਮਜ਼ਬੂਤੀ ਮਿਲਦੀ ਹੈ | ਇਹ ਗੱਲ ਮਨਿੰਦਰ ਕੌਰ ਸਹਾਇਕ ਕਮਿਸ਼ਨਰ ਰਾਜ ਕਰ ਕਪੂਰਥਲਾ ਨੇ ਅੱਜ ਜ਼ਿਲ੍ਹੇ ਦੇ ਵਪਾਰੀਆਂ ਦੀ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਜੀ.ਐਸ.ਟੀ. ਸਬੰਧੀ ਆ ਰਹੀਆਂ ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰ ਨਾਲ ਕੀਤੇ ਗਏ ਵਿਚਾਰ ਵਟਾਂਦਰੇ ਉਪਰੰਤ ਵਪਾਰੀਆਂ ਨੂੰ ਕਹੀ | ਉਨ੍ਹਾਂ ਵਪਾਰੀਆਂ ਨੂੰ ਆਪਣੀ ਸਮੁੱਚੀ ਵਿੱਕਰੀ ਦਾ ਵੇਰਵਾ ਜੀ.ਐਸ.ਟੀ.ਆਰ.-3ਬੀ ਰਿਟਰਨ ਵਿਚ ਸਹੀ, ਸੰਪੂਰਨ ਅਤੇ ਸਮੇਂ ਸਿਰ ਦਰਜ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਿਟਰਨਾਂ ਵਿਚ ਸਹੀ ਜਾਣਕਾਰੀ ਦੇਣ ਨਾਲ ਨੋਟਿਸਾਂ ਤੇ ਕਾਨੂੰਨੀ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ | ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਕਾਰੋਬਾਰੀਆਂ ਦੀਆਂ ਜੀ.ਐਸ.ਟੀ.ਆਰ. 3ਬੀ ਰਿਟਰਨਾਂ ਅਜੇ ਦਰਜ ਨਹੀਂ ਹੋਈਆਂ, ਉਹ ਬਿਨ੍ਹਾਂ ਕਿਸੇ ਦੇਰੀ ਦੇ ਨਿਰਧਾਰਿਤ ਸਮੇਂ ਅੰਦਰ ਜੀ.ਐਸ.ਟੀ. ਨਿਯਮਾਂ ਮੁਤਾਬਿਕ ਦਾਖਲ ਕਰਨ | ਉਨ੍ਹਾਂ ਕਿਹਾ ਕਿ ਰਿਟਰਨਾਂ ਸਮੇਂ ਸਿਰ ਦਾਖਲ ਕਰਨ ਨਾਲ ਵਿਆਜ, ਜੁਰਮਾਨੇ ਤੇ ਹੋਰ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਰਾਜ ਕਰ ਵਿਭਾਗ ਵਪਾਰੀਆਂ ਨੂੰ ਜੀ.ਐਸ.ਟੀ. ਸਬੰਧੀ ਹਰ ਸੰਭਵ ਸਹਾਇਤਾ ਅਤੇ ਮਾਰਗ ਦਰਸ਼ਨ ਦੇਣ ਲਈ ਵਚਨਬੱਧ ਹੈ ਤੇ ਵਪਾਰੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਜਾਣਕਾਰੀ ਲਈ ਰਾਜ ਕਰ ਵਿਭਾਗ ਕਪੂਰਥਲਾ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਸਮੂਹ ਵਪਾਰੀਆਂ ਨੂੰ ਕਰ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਮਾਨਦਾਰੀ ਨਾਲ ਆਪਣੀਆਂ ਕਰ ਸਬੰਧੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਰਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਸਹਾਇਕ ਰਾਜ ਕਰ ਅਫ਼ਸਰ, ਸੁਖਕੰਵਰਪਾਲ ਸਿੰਘ ਸਹਾਇਕ ਰਾਜ ਕਰ ਅਫ਼ਸਰ ਕਪੂਰਥਲਾ ਤੇ ਹਰਕਮਲ ਸਿੰਘ ਸਹਾਇਕ ਰਾਜ ਕਰ ਅਫ਼ਸਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |