08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਫ਼ਾਈ ਸੇਵਕ ਯੂਨੀਅਨ ਵਲੋਂ ਸਫ਼ਾਈ ਸੇਵਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਖ਼ਿਲਾਫ਼ ਭੁਲੱਥ ’ਚ ਪੁਤਲਾ ਸਾੜ ਕੇ ਹੜਤਾਲ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 29-07-2026

ਭੁਲੱਥ, 28 ਜੁਲਾਈ (ਮੇਹਰ ਚੰਦ ਸਿੱਧੂ)-ਸਫ਼ਾਈ ਸੇਵਕ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਉੱਤੇ ਸੰਗਰੂਰ ਤੋਂ ਬਾਅਦ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਪੁਲਿਸ ਦੁਆਰਾ ਅੰਨ੍ਹੇਵਾਹ ਲਾਠੀਚਾਰਜ ਕਰਨ ਦੇ ਤਿੱਖੇ ਵਿਰੋਧ ਵਜੋਂ ਭੁਲੱਥ ਦੇ ਬਾਜ਼ਾਰਾਂ ਵਿਚ ਮੁਜ਼ਾਹਰਾ ਕਰਕੇ ਡੀ.ਐਸ.ਪੀ. ਬਰਨਾਲਾ ਬੈਂਸ, ਐਸ.ਐਚ.ਓ. ਬਰਨਾਲਾ ਤੇ ਮੁੱਖ ਮੰਤਰੀ ਦਾ ਮੁੱਖ ਚੌਂਕ ਵਿਖੇ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ | ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅੱਜ ਤੋਂ ਅਣਮਿਥੇ ਸਮੇਂ ਲਈ ਚਾਰੇ ਨਗਰ ਪੰਚਾਇਤਾਂ ਦੇ ਸਫ਼ਾਈ ਸੇਵਕ ਅਤੇ ਹੋਰ ਮੁਲਾਜ਼ਮ ਹੜਤਾਲ ਉੱਤੇ ਚਲੇ ਗਏ | ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਡੀ ਐੱਸ ਪੀ ਅਤੇ ਐੱਸ ਐੱਚ ਓ ਬਰਨਾਲਾ ਖ਼ਿਲਾਫ਼ ਐੱਸ ਸੀ, ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਬਰਖ਼ਾਸਤ ਨਹੀਂ ਕੀਤਾ ਜਾਂਦਾ ਅਤੇ ਸਫ਼ਾਈ ਸੇਵਕਾਂ ਅਤੇ ਹੋਰ ਮਿਉਂਸੀਪਲ ਕਾਮਿਆਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਉਨ੍ਹੀ ਦੇਰ ਹੜਤਾਲ ਜਾਰੀ ਰਹੇਗੀ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਆਰ ਐੱਸ ਐੱਸ ਭਾਜਪਾ ਹਕੂਮਤ ਦੇ ਨਕਸ਼ ਕਦਮਾਂ ਉੱਤੇ ਚੱਲਦੀ ਹੋਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੁਲਿਸ ਰਾਜ ਚ ਤਬਦੀਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਪਣੇ ਹੱਕ ਮੰਗਦੇ ਲੋਕਾਂ ਦੀ ਜ਼ੁਬਾਨਬੰਦੀ ਕਰਨ ਲਈ ਪੁਲਿਸ ਜ਼ਬਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੱਚੇ ਕਾਮਿਆਂ ਨੂੰ ਪੱਕੇ ਕਰਨ,40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ 8 ਜੁਲਾਈ ਤੋਂ ਪੰਜਾਬ ਭਰ ਚ ਨਗਰ ਨਿਗਮਾਂ, ਨਗਰ ਪੰਚਾਇਤਾਂ,ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅੰਦਰ ਹੜਤਾਲ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ |ਇਸ ਸੰਘਰਸ਼ ਨੂੰ ਅਸਫਲ ਬਣਾਉਣ ਲਈ ਪਹਿਲਾਂ ਸੰਗਰੂਰ ਉਸ ਤੋਂ ਬਾਅਦ ਬਰਨਾਲਾ ਵਿਖੇ ਡੀ ਐੱਸ ਪੀ ਬੈਂਸ ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਸਫ਼ਾਈ ਸੇਵਕਾਂ ਖ਼ਾਸਕਰ ਦਲਿਤ ਔਰਤਾਂ ਨੂੰ ਅੰਨ੍ਹੇ ਜ਼ਬਰ ਦਾ ਸ਼ਿਕਾਰ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਇੱਕ ਪਾਸੇ ਪੇਪਰ ਲੀਕ ਮਾਮਲਿਆਂ ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈ ਕੇ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ, ਨੌਜਵਾਨਾਂ ਉੱਤੇ ਜ਼ਬਰ ਵਿਰੁੱਧ ਮੁੱਖ ਮੰਤਰੀ ਪੰਜਾਬ ਅਤੇ ਹੋਰ ਮੰਤਰੀ ਸੰਤਰੀ ਮਗਰਮੱਛ ਦੇ ਹੰਝੂ ਵਹਾਉਂਦੇ ਡਰਾਮੇਬਾਜ਼ੀ ਕਰਦੇ ਥੱਕਦੇ ਨਹੀਂ ਅਤੇ ਦੂਜੇ ਪਾਸੇ ਸੂਬਾ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਨੂੰ ਪੁਲਿਸ ਰਾਜ ਚ ਤਬਦੀਲ ਕਰਦਿਆਂ ਆਪਣੇ ਹੱਕ ਮੰਗਦੇ ਮਗਨਰੇਗਾ ਮੁਲਾਜ਼ਮਾਂ, ਸਫ਼ਾਈ ਸੇਵਕਾਂ ਆਦਿ ਨੂੰ ਅੰਨ੍ਹੇ ਜ਼ਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ | ਇਸ ਤਰ੍ਹਾਂ ਮੁੱਖ ਮੰਤਰੀ ਦੋ ਮੂੰਹਾਂ ਸੱਪ ਸਾਬਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਆਦੇਸ਼ਾਂ ਉੱਤੇ ਕੀਤੇ ਜਾ ਰਹੇ ਜ਼ਬਰ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਸੁਨੀਲ ਗੁਰੂਹਰ ਸਰਾਏ, ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਦੇ ਗੁਰਪਾਲ ਥਾਪਰ,ਪੇਂਡੂ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰੇਮ ਸਰਾਸਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਤਰਸੇਮ ਪੀਟਰ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਅਸ਼ੋਕ ਕੁਮਾਰ, ਮਹਿੰਦਰ ਸਿੰਘ, ਸੂਬਾ ਸਿੰਘ, ਪ੍ਰਧਾਨ ਮੁਕੇਸ਼ ਬੇਗੋਵਾਲ, ਪ੍ਰਧਾਨ ਧਰਮਵੀਰ ਨਡਾਲਾ, ਵੀਰੂ, ਡੈਨੀਅਲ ਕਲਿਆਂਣ, ਚੰਦਰ ਸ਼ੇਖਰ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਘਰ-ਘਰ ਕੂੜ ਚੁੱਕਣ ਵਾਲੇ ਨੌਜਵਾਨ ਦੀ ਦੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਨਕਦੀ ਖੋਹੀ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਭੁੱਖ ਹੜ੍ਹਤਾਲ 9ਵੇਂ ਦਿਨ ’ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।