ਕਪੂਰਥਲਾ, 30 ਜੁਲਾਈ (ਅਮਰਜੀਤ ਕੋਮਲ)-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਬੀਤੀ 25 ਜੂਨ ਤੋਂ ਸ਼ੁਰੂ ਕੀਤੀ ਐਸ.ਆਈ.ਆਰ. ਤਹਿਤ ਚਾਰ ਵਿਧਾਨ ਸਭਾ ਹਲਕਿਆਂ ਵਿਚ 791 ਬੂਥ ਲੈਵਲ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਚਲਾਈ ਗਈ ਮੁਹਿੰਮ ਤਹਿਤ ਯੋਗ ਵੋਟਰਾਂ ਨੂੰ 614981 ਗਣਨਾ ਫਾਰਮ ਵੰਡੇ ਗਏ ਸਨ, ਜੋ ਇਕੱਤਰ ਕਰਕੇ ਨਿਰਧਾਰਿਤ ਮੋਬਾਈਲ ਐਪਲੀਕੇਸ਼ਨ ਰਾਹੀਂ ਉਨ੍ਹਾਂ ਡਿਜੀਟਾਈਜ਼ ਕੀਤਾ ਜਾ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਚੋਣ ਗਣਨਾ ਫਾਰਮਾਂ ਦਾ 100 ਪ੍ਰਤੀਸ਼ਤ ਡਿਜੀਟਾਈਜੇਸਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਦੇ ਨਾਲ ਹੀ ਗੈਰ ਹਾਜ਼ਰ, ਤਬਦੀਲ, ਮਿ੍ਤਕ ਅਤੇ ਏ.ਐਸ.ਡੀ.ਡੀ. ਵੋਟਰਾਂ ਦੀਆਂ ਜਨਤਕ ਸੂਚੀਆਂ ਤਸਦੀਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕੀਤੀਆਂ ਜਾ ਜਾ ਰਹੀਆਂ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਚ ਏ.ਐਸ.ਡੀ.ਡੀ. ਸੂਚੀ ਚੰਗੀ ਤਰ੍ਹਾਂ ਤਸਦੀਕ ਕਰਨ ਅਤੇ ਕਿਸੇ ਵੀ ਗਲਤ ਸ਼ਮੂਲੀਅਤ ਬਾਰੇ ਸਬੰਧਿਤ ਵਿਧਾਨ ਸਭਾ ਹਲਕੇ ਦੇ ਬੂਥ ਲੈਵਲ ਅਫ਼ਸਰ ਜਾਂ ਚੋਣ ਰਜਿਸਟਰੇਸ਼ਨ ਅਫ਼ਸਰ ਨੂੰ ਰਿਪੋਰਟ ਕਰਨ | ਉਨ੍ਹਾਂ ਸਪਸ਼ਟ ਕੀਤਾ ਕਿ ਏ.ਐਸ.ਡੀ.ਡੀ. ਸੂਚੀ ਵਿਚ ਸ਼ਾਮਲ ਵੋਟਰਾਂ ਨੂੰ ਡਰਾਫ਼ਟ ਸੂਚੀ 2026 ਵਿਚ ਉਦੋਂ ਤੱਕ ਸ਼ਾਮਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਨਿਰਧਾਰਿਤ ਸਮੇਂ ਅੰਦਰ ਲੋੜੀਂਦੇ ਸੁਧਾਰਾਂ ਸਬੰਧੀ ਰਿਪੋਰਟ ਅਤੇ ਤਸਦੀਕ ਨਹੀਂ ਹੋ ਜਾਂਦੀ | ਉਨ੍ਹਾਂ ਯੋਗ ਵੋਟਰਾਂ ਨੂੰ ਕਿਹਾ ਕਿ ਉਹ ਵੋਟਰ ਸੂਚੀਆਂ ਨੂੰ ਸਹੀ ਤੇ ਤਰੁੱਟੀ ਰਹਿਤ ਬਣਾਉਣ ਵਿਚ ਸਹਿਯੋਗ ਦੇਣ ਦੇ ਨਾਲ-ਨਾਲ ਇਸ ਤਸਦੀਕ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ | ਉਨ੍ਹਾਂ ਐਸ.ਆਈ.ਆਰ. ਦੌਰਾਨ ਚੋਣ ਗਣਨਾ ਫਾਰਮਾਂ ਦੀ ਨਿਸ਼ਚਿਤ ਸਮੇਂ ਵਿਚ ਡਿਜੀਟਾਈਜੇਸ਼ਨ ਮੁਕੰਮਲ ਕੀਤੇ ਜਾਣ ਲਈ ਚੋਣ ਰਜਿਸਟਰੇਸ਼ਨ ਅਫ਼ਸਰਾਂ, ਸੁਪਰਵਾਈਜ਼ਰ ਤੇ ਬੀ.ਐਲ.ਓਜ਼ ਦੇ ਤਾਲਮੇਲ ਦੇ ਯਤਨਾ ਦੀ ਸ਼ਲਾਘਾ ਕੀਤੀ ਤੇ ਇਸ ਅਭਿਆਸ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਜ਼ਿਲ੍ਹੇ ਦੇ ਲੋਕਾਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ |