ਕਪੂਰਥਲਾ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਖੋਲੇ ਗਏ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕੀਤਾ | ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਰਜੀਵ ਪ੍ਰਾਸ਼ਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਆਮ ਬਿਮਾਰੀਆਂ ਦਾ ਇਲਾਜ, ਮੁਫ਼ਤ ਦਵਾਈਆਂ, ਵੱਖ-ਵੱਖ ਲੈਬ ਟੈੱਸਟ ਤੇ ਲੋੜਵੰਦ ਪੈਣ ‘ਤੇ ਮਰੀਜ਼ਾਂ ਨੂੰ ਉੱਚ ਸੰਸਥਾਨ ਵਿਚ ਭੇਜਣ ਦੀ ਸਹੂਲਤ ਵੀ ਉਪਲਬਧ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਤੇ ਪੀਰ ਚੌਧਰੀ ਰੋਡ ‘ਤੇ ਆਮ ਆਦਮੀ ਕਲੀਨਿਕ ਖੁੱਲਣ ਨਾਲ ਜ਼ਿਲ੍ਹੇ ਵਿਚ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵੱਧ ਕੇ 29 ਹੋ ਗਈ | ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿਚ 112 ਕਿਸਮ ਦੀਆਂ ਦਵਾਈਆਂ ਤੇ 42 ਤਰ੍ਹਾਂ ਦੇ ਲੈਬ ਟੈੱਸਟ ਮੁਫ਼ਤ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕਲੀਨਿਕਾਂ ਨੂੰ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਅਲਟਰਾ ਸਾਊਾਡ ਦੀ ਸਹੂਲਤ ਇੰਪੈਨਲਡ ਸਕੈਨਰ ਸੈਂਟਰਾਂ ਰਾਹੀਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਮੌਕੇ ਬੋਲਦਿਆਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਯਾਮਲ ਜੋਤੀ ਨੇ ਕਿਹਾ ਕਿ ਕੇਂਦਰੀ ਜੇਲ੍ਹ ਵਿਚ ਆਮ ਆਦਮੀ ਪਾਰਟੀ ਕਲੀਨਿਕ ਸ਼ੁਰੂ ਹੋਣ ਨਾਲ ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਤੇ ਕੈਦੀਆਂ ਨੂੰ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ, ਲੋੜੀਂਦੀਆਂ ਦਵਾਈਆਂ ਤੇ ਡਾਕਟਰੀ ਸਲਾਹ ਦੇ ਨਾਲ ਉਨ੍ਹਾਂ ਨੂੰ ਲੋੜ ਪੈਣ ‘ਤੇ ਤੁਰੰਤ ਇਲਾਜ ਦੀ ਸਹੂਲਤ ਵੀ ਮਿਲੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਡੀ.ਐਫ.ਪੀ.ਓ. ਡਾ. ਰਵਜੀਤ ਸਿੰਘ, ਡੀ.ਆਈ.ਓ. ਡਾ. ਰਣਦੀਪ ਸਿੰਘ, ਐਸ.ਐਮ.ਓ. ਡਾ. ਪਰਮਿੰਦਰ ਕੌਰ, ਐਸ.ਐਮ.ਓ. ਡਾ. ਪੇ੍ਰਮ ਕੁਮਾਰ, ਐਸ.ਪੀ. ਜੇਲ੍ਹ ਭੁਪਿੰਦਰ ਸਿੰਘ, ਕੌਂਸਲਰ ਵਿਕਾਸ ਮੋਮੀ, ਚੇਅਰਮੈਨ ਅਮਰੀਕ ਸਿੰਘ ਮੱਲ੍ਹੀ, ਕਰਨ ਮਹਾਜਨ, ਸਾਬਕਾ ਡਿਪਟੀ ਮੇਅਰ ਸ਼ਮੀਰ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਸੁਪਰਡੈਂਟ ਰਾਮ ਅਵਤਾਰ, ਐਮ.ਐਂਡ ਈ.ਓ. ਰਾਮ ਸਿੰਘ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸਤੋਂ ਪਹਿਲਾਂ ਪੀਰ ਚੌਧਰੀ ਰੋਡ ਵਿਖੇ ਵੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ |