ਦਰਿਆ ਬਿਆਸ ਦੇ ਕੰਢੇ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਸੁਲਤਾਨਪੁਰ ਲੋਧੀ, 3 ਅਗਸਤ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਇਲਾਕੇ ਵਿਚ ਦਰਿਆ ਬਿਆਸ ਦੇ ਕੰਢੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਸੋਨੂੰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੰਗੂਪੁਰ ਵਜੋਂ ਹੋਈ ਹੈ | ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਦੱਸਦਿਆਂ ਨੌਜਵਾਨ ਦੀ ਮੌਤ ਪਿੱਛੇ ਕਤਲ ਦੀ ਸੰਭਾਵਨਾ ਜਤਾਈ ਗਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ | ਮਿ੍ਤਕ ਦੇ ਮਾਮਾ ਜਸਵੰਤ ਸਿੰਘ ਵਾਸੀ ਮੰਗੂਪੁਰ ਨੇ ਦੱਸਿਆ ਕਿ ਸੋਨੂੰ ਸਿੰਘ 31 ਜੁਲਾਈ ਦੀ ਰਾਤ ਕਰੀਬ 9:30 ਵਜੇ ਰੋਟੀ ਖਾਣ ਤੋਂ ਬਾਅਦ ਘੁੰਮਣ ਲਈ ਘਰੋਂ ਬਾਹਰ ਗਿਆ ਸੀ | ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ | ਪਰਿਵਾਰ ਵਲੋਂ ਆਪਣੇ ਪੱਧਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ | ਜਸਵੰਤ ਸਿੰਘ ਨੇ ਦੱਸਿਆ ਕਿ 2 ਅਗਸਤ ਨੂੰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਦਰਿਆ ਬਿਆਸ ਦੇ ਕੰਢੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ | ਜਦੋਂ ਮੌਕੇ ‘ਤੇ ਜਾ ਕੇ ਪਛਾਣ ਕੀਤੀ ਗਈ ਤਾਂ ਲਾਸ਼ ਸੋਨੰੂ ਸਿੰਘ ਦੀ ਨਿਕਲੀ | ਪਰਿਵਾਰ ਦਾ ਦਾਅਵਾ ਹੈ ਕਿ ਮਿ੍ਤਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਸੋਨੂੰ ਸਿੰਘ ਦਾ ਕਤਲ ਹੋਇਆ ਹੈ | ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਦੋਸ਼ੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪੁਲਿਸ ਨੂੰ 2 ਅਗਸਤ ਨੂੰ ਦਰਿਆ ਬਿਆਸ ਵਿਚੋਂ ਇੱਕ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਹਿਚਾਣ ਸੋਨੂੰ ਸਿੰਘ ਵਾਸੀ ਮੰਗੂਪੁਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ | ਏਐਸਪੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ | ਫ਼ਿਲਹਾਲ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |